ਹਰਜੀਤ ਸਿੰਘ
ਜ਼ੀਰਕਪੁਰ, 9 ਜੂਨ
ਇੱਥੋਂ ਦੇ ਛੱਤਬੀੜ ਚਿੜੀਆਘਰ ਨੇੜਲੇ ਇਲਾਕੇ ਵਿੱਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਮਿਲਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤੇਂਦੂਏ ਨੂੰ ਫੜਨ ਲਈ ਜੰਗਲਾਤ ਵਿਭਾਗ ਨੇ ਛੱਤਬੀੜ ਚਿੜੀਆਘਰ ਨੇੜੇ ਪਿੰਜਰੇ ਵੀ ਲਗਾਏ ਹਨ ਪਰ ਵਿਭਾਗ ਨੂੰ ਹਾਲੇ ਕੋਈ ਸਫਲਤਾ ਨਹੀਂ ਮਿਲੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਛੱਤਬੀੜ ਚਿੜੀਆਘਰ ਨੇੜੇ ਪਿੰਡ ਸ਼ਤਾਬਗੜ੍ਹ ਦੇ ਖੇਤਾਂ ਵਿੱਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ। ਉਪਰੰਤ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਬਾਰੇ ਜਾਣਕਾਰੀ ਮਿਲਣ ਮਗਰੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵੱਲੋਂ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਪੰਜ ਦੇ ਕਰੀਬ ਪਿੰਜਰੇ ਲਗਾਏ ਗਏ ਹਨ। ਇਨ੍ਹਾਂ ਪਿੰਜਰਿਆਂ ਵਿੱਚ ਵਿਭਾਗ ਵੱਲੋਂ ਜਾਨਵਰ ਦਾ ਮਾਸ ਲਗਾਇਆ ਗਿਆ ਹੈ ਤਾਂ ਜੋ ਇਸ ਮਾਸ ਦੇ ਲਾਲਚ ਵਿੱਚ ਤੇਂਦੂਆ ਪਿੰਜਰੇ ਵਿੱਚ ਫੱਸ ਜਾਵੇ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੇਤਾਂ ਵਿੱਚ ਮਿਲੇ ਪੈਰਾਂ ਦੇ ਨਿਸ਼ਾਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਖਾਏ ਸਨ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਕਿਸੇ ਖਤਰਨਾਕ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਮੀਂਹ ਪੈਣ ਨਾਲ ਖੇਤ ਗਿੱਲੇ ਸਨ, ਜਿਸ ਕਾਰਨ ਪੈਰਾਂ ਦੇ ਨਿਸ਼ਾਨ ਦਾ ਪਤਾ ਲੱਗ ਗਿਆ।
ਇਲਾਕੇ ਵਿੱਚ ਤੇਂਦੂਏ ਦੇ ਹੋਣ ਦੀ ਚਰਚਾ ਨਾਲ ਛੱਤਬੀੜ ਚਿੜੀਆਘਰ ਨੇੜਲੇ ਪਿੰਡਾਂ ਦੇ ਵਸਨੀਕ ਦਹਿਸ਼ਤ ਵਿੱਚ ਹਨ। ਲੋਕ ਸ਼ਾਮ ਨੂੰ ਛੇਤੀ ਘਰ ਚਲੇ ਜਾਂਦੇ ਹਨ ਅਤੇ ਗੁਰਦੁਆਰਿਆਂ ਵਿੱਚ ਸੁਰੱਖਿਆ ਰੱਖਣ ਲਈ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਇਸ ਸਬੰਧੀ ਗੱਲ ਕਰਨ ’ਤੇ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਕਲਪਨਾ ਨੇ ਦੱਸਿਆ ਕਿ ਰੂਪਨਗਰ ਜੰਗਲਾਤ ਵਿਭਾਗ ਦੀ ਟੀਮ ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਜੰਗਲੀ ਜਾਨਵਰ ਨੂੰ ਫੜਨ ਲਈ ਪਿੰਜਰੇ ਲਗਾਏ ਗਏ ਹਨ ਪਰ ਹਾਲੇ ਤੱਕ ਜਾਨਵਰ ਕਾਬੂ ਨਹੀਂ ਆਇਆ ਹੈ।