ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 1 ਫਰਵਰੀ
ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਡੇਰਾਬੱਸੀ ਤੋਂ ਅਵਤਾਰ ਸਿੰਘ ਜਵਾਹਰਪੁਰ ਨੇ ਅੱਜ ਆਖਰੀ ਦਿਨ ਆਜਾਦ ਉਮੀਦਵਾਰ ਵਜੋਂ ਐਸ.ਡੀ.ਐਮ.- ਕਮ-ਰਿਟਰਨਿੰਗ ਅਫਸਰ ਸਵਾਤੀ ਟਿਵਾਣਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਕਿਸਾਨ ਆਗੂ ਕਰਮ ਸਿੰਘ ਕਾਰਕੋਰ ਨੇ ਕਾਗਜ਼ ਦਾਖਲ ਕੀਤੇ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਨਵਜੋਤ ਸੈਣੀ ਨੂੰ ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰ ਐਲਾਨਿਆ ਗਿਆ ਸੀ, ਜਿਨ੍ਹਾਂ ਨੇ ਡੇਰਾਬੱਸੀ ਹਲਕੇ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿਤਾ ਸੀ। ਐਨ ਮੌਕੇ ਤੇ ਉਨ੍ਹਾਂ ਨੇ ਕਾਗਜ਼ ਨਹੀਂ ਭਰੇ, ਜਿਸ ਦੇ ਚਲਦਿਆਂ ਅਵਤਾਰ ਸਿੰਘ ਵਲੋਂ ਅੱਜ ਅਖੀਰਲੇ ਦਿਨ ਕਾਗਜ਼ ਦਾਖਲ ਕੀਤੇ ਗਏ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚਾ’ ਪਾਰਟੀ ਬਣਾਈ ਗਈ ਸੀ ਪਰ ਉਨ੍ਹਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਨਹੀਂ ਮਿਲੀ ਅਤੇ ਨਾ ਹੀ ਕੋਈ ਚੋਣ ਨਿਸ਼ਾਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹਲਕਾ ਡੇਰਾਬੱਸੀ ਤੋਂ ਸੰਯੁਕਤ ਸਮਾਜ ਮੋਰਚੇ ਤੋਂ ਉਮੀਦਵਾਰ ਅਵਤਾਰ ਸਿੰਘ ਜਵਾਹਰਪੁਰ ਆਜ਼ਾਦ ਤੌਰ ‘ਤੇ ਚੋਣ ਲੜਨਗੇ। ਅੱਜ ਨਾਮਜ਼ਦਗੀਆ ਭਰਨ ਦਾ ਆਖ਼ਰੀ ਦਿਨ ਸੀ, ਜਿਸ ਕਾਰਨ ਸੰਯੁਕਤ ਸਮਾਜ ਮੋਰਚੇ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਉਂਝ ਨਾਮਜ਼ਦਗੀ ਪੱਤਰ ਭਰਦੇ ਹੋਏ ਅਵਤਾਰ ਸਿੰਘ ਨਾਲ ਪਾਰਟੀ ਦੇ ਪਹਿਲਾਂ ਐਲਾਨੇ ਉਮੀਦਵਾਰ ਨਵਜੋਤ ਸੈਣੀ ਅਤੇ ਨਿਰਮੈਲ ਸਿੰਘ ਜੋਲਾ ਵੀ ਮੌਜੂਦ ਸਨ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸੈਣੀ ਵੱਲੋਂ ਪਾਰਟੀ ਨੂੰ ਚੋਣ ਨਿਸ਼ਾਨ ਨਾ ਮਿਲਣ ਕਾਰਨ ਆਜ਼ਾਦ ਤੌਰ ਤੇ ਚੋਣ ਲੜਨ ਤੋਂ ਪੈਰ ਪਿੱਛੇ ਖਿੱਚ ਲਏ ਹਨ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਬਸੀ ਪਠਾਣਾਂ ’ਤੋਂ ਸੰਯੁਕਤ ਸਮਾਜ ਮੋਰਚੇ ਦੀ ਉਮੀਦਵਾਰ ਡਾ. ਅਮਨਦੀਪ ਕੌਰ ਢੋਲੇਵਾਲ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਟਰੈਕਟਰ ’ਤੇ ਐਸਡੀਐਮ ਦਫ਼ਤਰ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਮਾਹਿਰ ਪ੍ਰੋ. ਮਨਜੀਤ ਸਿੰਘ ਨੇ ਵੀ ਸ਼ਮੂਲੀਅਤ ਕਰਦੇ ਹੋਏ ਲੋਕਾਂ ਨੂੰ ਡਾ. ਅਮਨਦੀਪ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸੇ ਤਰ੍ਹਾਂ ਬਸੀ ਪਠਾਣਾਂ ਹਲਕੇ ’ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੀ ਸਾਂਝੀ ਉਮੀਦਵਾਰ ਡਾ. ਦੀਪਕ ਜਯੋਤੀ, ਸ਼੍ਰੋਮਣੀ ਅਕਾਲੀ ਦਲ (ਅ) ’ਤੋਂ ਧਰਮ ਸਿੰਘ ਕਲੌੜ ਅਤੇ ਸਮਾਜਵਾਦੀ ਪਾਰਟੀ ’ਤੋਂ ਲਖਵੀਰ ਸਿੰਘ ਬੌਬੀ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਅੰਤਿਮ ਦਿਨ ਵੱਖ ਵੱਖ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਸਬੰਧਿਤ ਰਿਟਰਨਿੰਗ ਅਫ਼ਸਰਾਂ ਕੋਲ ਦਾਖਲ ਕਰਵਾਏ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਫ਼ਤਹਿਗੜ੍ਹ ਸਾਹਿਬ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਸਰਬਜੀਤ ਸਿੰਘ, ‘ਆਪ’ ਦੇ ਲਖਵੀਰ ਸਿੰਘ ਤੇ ਕੰਵਰਬੀਰ ਸਿੰਘ, ਭਾਜਪਾ ਦੇ ਦੀਦਾਰ ਸਿੰਘ ਭੱਟੀ ਤੇ ਗੁਰਬਿੰਦਰ ਸਿੰਘ ਭੱਟੀ, ਲੋਕ ਇਨਸਾਫ਼ ਪਾਰਟੀ ਦੇ ਗੁਰਵਿੰਦਰ ਸਿੰਘ ਅਤੇ ਆਜ਼ਾਦ ਉਮੀਦਵਾਰ ਬਲਵੰਤ ਸਿੰਘ ਨੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਹਿਮਾਂਸ਼ੂ ਗੁਪਤਾ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਹਲਕਾ ਅਮਲੋਹ ਤੋਂ ਧਰਮਪਾਲ ਨੈਸ਼ਨਲ ਆਪਣੀ ਪਾਰਟੀ, ਗੁਰਬਚਨ ਸਿੰਘ ਪੰਜਾਬ ਕਿਸਾਨ ਦਲ, ਲਖਵੀਰ ਸਿੰਘ ਖਾਲਸਾ ਸੌਂਟੀ ਸ਼੍ਰੋਮਣੀ ਅਕਾਲੀ ਦਲ (ਅ), ਜਸਪਾਲ ਸਿੰਘ ਜੈ ਜਵਾਨ ਜੈ ਕਿਸਾਨ ਪਾਰਟੀ, ਸੰਜੀਵ ਕੁਮਾਰ ਜਨਤਾ ਦਲ ਯੂਨਾਈਟਿਡ ਅਤੇ ਸੇਵਾ ਰਾਮ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬਸਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ। ਸ੍ਰੀ ਸੰਧੂ ਨੇ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਐਸਡੀਐਮ ਪਰਮਜੀਤ ਸਿੰਘ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਰੂਪਨਗਰ ਵਿੱਚ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ-2022 ਲਈ 26 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਜਦੋਂਕਿ ਹੁਣ ਤੱਕ ਜ਼ਿਲ੍ਹਾ ਰੂਪਨਗਰ ਵਿਚ ਕੁੱਲ 55 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਕੇਸ਼ਵ ਗੋਇਲ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਅੱਜ ਰਣਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋ, ਪਰਮਿੰਦਰ ਕੁਮਾਰ ਤੇ ਵਿਨਾਇਕ ਸ਼ਰਮਾ ਨੇ ਭਾਜਪਾ ਵੱਲੋਂ, ਅਸ਼ਵਨੀ ਕੁਮਾਰ ਨੇ ਆਜ਼ਾਦ ਸਮਾਜ ਪਾਰਟੀ ਕਾਸ਼ੀ ਰਾਮ ਵੱਲੋਂ, ਮਲਕੀਅਤ ਸਿੰਘ ਨੇ ਜੈ ਜਵਾਨ ਜੈ ਕਿਸਾਨ ਦਲ ਵੱਲੋਂ, ਸੰਜੀਵ ਰਾਣਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਹੁਣ ਤੱਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਕੁੱਲ 17 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ ਹਨ।
ਖ਼ਰੜ ’ਚ 14 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਖਰੜ (ਪੱਤਰ ਪ੍ਰੇਰਕ): ਨਾਮਜ਼ਦਗੀ ਕਾਗਜ਼ਾਤ ਭਰਨ ਦੇ ਆਖਰੀ ਦਿਨ ਅੱਜ 14 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਐਸਡੀਐਮ ਕਮ ਰਿਟਰਨਿੰਗ ਅਫਸਰ ਅਵਿਕੇਸ਼ ਗੁਪਤਾ ਦੇ ਦਫਤਰ ਵਿਚ ਭਰੇ ਗਏ। ਅੱਜ ਵਿਜੇ ਸ਼ਰਮਾ ਤੇ ਕੁਸੂਮ ਸ਼ਰਮਾ (ਕਾਂਗਰਸ), ਜਸਵਿੰਦਰ ਸਿੰਘ, ਪਰਮਦੀਪ ਸਿੰਘ, ਰਵੀਨਾ, ਜਸਵੀਰ ਚੰਦਰ, ਸੁਨੈਨਾ ਸਾਰੇ ਆਜ਼ਾਦ, ਭੁਪਿੰਦਰ ਸਿੰਘ (ਸਮਾਜਵਾਦੀ ਪਾਰਟੀ), ਗਗਨਦੀਪ ਕੌਰ ਤੇ ਸਰਬਜੋਤ ਕੌਰ (ਆਪ) ਨੇ ਕਾਗਜ਼ ਭਰੇ। ਕਮਲਦੀਪ ਸਿੰਘ (ਭਾਜਪਾ)ਵੱਲੋਂ ਕਾਗਜ਼ ਭਰੇ।