ਦਰਸ਼ਨ ਸਿੰਘ ਸੋਢੀ
ਮੁਹਾਲੀ, 11 ਮਾਰਚ
ਇਥੋਂ ਦੇ ਨਜ਼ਦੀਕੀ ਪਿੰਡ ਕੈਲੋਂ ਦੀ ਬਹੁ-ਕਰੋੜੀ ਦੀ ਜ਼ਮੀਨ ਖ਼ਰੀਦੋ-ਫ਼ਰੋਖ਼ਤ ਬਾਰੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਪਿੰਡ ਦੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਸਹਿਯੋਗ ਨਾਲ ਇੱਥੋਂ ਦੇ ਸੈਕਟਰ-82 ਸਥਿਤ ਬਿਲਡਰ ਮਾਰਬੇਲਾ ਗ੍ਰੈਂਡ ਦਫ਼ਤਰ ਦਾ ਘਿਰਾਓ ਕੀਤਾ ਅਤੇ ਮੈਨੇਜਿੰਗ ਡਾਇਰੈਕਟਰ ਡੀਡੀ ਗਰਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਕਿਸਾਨਾਂ ਨੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਬਿਲਡਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਿਸਾਨਾਂ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਨੇ ਸਮੁੱਚੇ ਮਾਮਲੇ ਦੀ ਜਾਂਚ ਡੀਐੱਸਪੀ ਮਨਜੀਤ ਸਿੰਘ ਔਲਖ ਨੂੰ ਸੌਂਪੀ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੀਨੀਅਰ ਆਗੂ ਗੁਰਨਾਮ ਸਿੰਘ ਦਾਊਂ, ਨਛੱਤਰ ਸਿੰਘ ਬੈਦਵਾਨ, ਕੁਲਵੰਤ ਸਿੰਘ ਰੁੜਕੀ, ਮਲਕੀਤ ਸਿੰਘ, ਜੱਗੀ ਕਰਾਲਾ, ਮੁਖਤਿਆਰ ਸਿੰਘ, ਤਲਵਿੰਦਰ ਸਿੰਘ, ਜਗਤਾਰ ਸਿੰਘ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਕੈਲੋਂ ਦੀ ਵਿਵਾਦ ਜ਼ਮੀਨ ਦਾ ਮਸਲਾ ਗੱਲਬਾਤ ਰਾਹੀਂ ਨਬਿੇੜਨ ਲਈ ਅੱਜ ਦਾ ਸਮਾਂ ਦਿੱਤਾ ਸੀ ਪ੍ਰੰਤੂ ਕਿਸਾਨਾਂ ਦੇ ਦਫ਼ਤਰ ਪਹੁੰਚਣ ਦੀ ਭਿਣਕ ਪੈਂਦੇ ਹੀ ਬਿਲਡਰ ਉੱਥੋਂ ਕਥਿਤ ਤੌਰ ’ਤੇ ਖਿਸਕ ਗਿਆ ਅਤੇ ਬਾਅਦ ਵਿੱਚ ਜਦੋਂ ਕਿਸਾਨਾਂ ਨੇ ਦਫ਼ਤਰੀ ਸਟਾਫ਼ ਰਾਹੀਂ ਸ੍ਰੀ ਗਰਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਅੱਜ ਮਹਾਂ-ਸ਼ਿਵਰਾਤਰੀ ਦੀ ਛੁੱਟੀ ਹੈ। ਕਿਸਾਨਾਂ ਨੇ ਦੱਸਿਆ ਕਿ ਕਰੀਬ ਸਾਲ ਪਹਿਲਾਂ ਕੰਪਨੀ ਨਾਲ 1 ਕਰੋੜ 60 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੀ ਜ਼ਮੀਨ ਵੇਚਣ ਦਾ ਸੌਦਾ ਕੀਤਾ ਸੀ ਅਤੇ ਇਸ ਸਬੰਧੀ ਕੁੱਝ ਕਿਸਾਨਾਂ ਨੂੰ ਟੋਕਨ ਰਕਮ ਦੇ ਚੈੱਕ ਦਿੰਦੇ ਹੋਏ ਛੇ ਮਹੀਨੇ ਵਿੱਚ ਜ਼ਮੀਨ ਖਰੀਦਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਬਿਲਡਰ ਨੇ ਸਮਾਂ ਲੰਘ ਜਾਣ ਦੇ ਬਾਵਜੂਦ ਜਦੋਂ ਕਥਿਤ ਤੌਰ ’ਤੇ ਪੂਰੇ ਪੈਸੇ ਨਹੀਂ ਦਿੱਤੇ ਤਾਂ ਕਿਸਾਨਾਂ ਨੇ ਆਪਣੀ ਜ਼ਮੀਨ ਅੱਗੇ ਕਿਸੇ ਹੋਰ ਕੰਪਨੀ ਨੂੰ ਵੇਚਣ ਦਾ ਮਨ ਬਣਾ ਲਿਆ ਪਰ ਪਹਿਲੀ ਕੰਪਨੀ ਹੁਣ ਕਿਸਾਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਆਪਣੀ ਜ਼ਮੀਨ ਕਥਿਤ ਤੌਰ ’ਤੇ ਕਿਸੇ ਹੋਰ ਵੇਚਣ ਵੀ ਨਹੀਂ ਦੇ ਰਹੀ ਹੈ।
ਮਾਰਬੇਲਾ ਗ੍ਰੈਂਡ ਦੇ ਮੈਨੇਜਿੰਗ ਡਾਇਰੈਕਟਰ ਡੀਡੀ ਗਰਗ ਨੇ ਕਿਸਾਨਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਲੋਂ ਦੀ ਜ਼ਮੀਨ ਖ਼ਰੀਦਣ ਲਈ ਕੰਪਨੀ ਨੇ ਕਿਸਾਨਾਂ ਨੂੰ ਟੋਕਨ ਮਨੀ ਦੇ ਚੈੱਕ ਦਿੱਤੇ ਸੀ ਅਤੇ ਕਈ ਕਿਸਾਨਾਂ ਨੇ ਚੈੱਕ ਬੈਂਕ ਵਿੱਚ ਲਗਾ ਕੇ ਪੈਸੇ ਵਸੂਲ ਕਰ ਲਏ। ਬਿਲਡਰ ਨੇ ਕਿਹਾ ਕਿ ਕਿਸਾਨਾਂ ਨੇ ਲਾਲਚ ਵਿੱਚ ਆ ਕੇ ਹੁਣ ਕਿਸੇ ਹੋਰ ਕੰਪਨੀ ਨੂੰ ਵੱਧ ਪੈਸਿਆਂ ਵਿੱਚ ਆਪਣੀ ਜ਼ਮੀਨ ਵੇਚਣ ਦਾ ਸੌਦਾ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ।