ਕੁਲਦੀਪ ਸਿੰਘ
ਚੰਡੀਗੜ੍ਹ, 18 ਅਕਤੂਬਰ
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਅਤੇ ਮਟਕਾ ਚੌਕ ਵੱਲੋਂ ਚੰਡੀਗੜ੍ਹ ਦੇ ਪਿੰਡ ਰਾਏਪੁਰ ਕਲਾਂ ਤੋਂ ਲੰਘਦੀ ਰੇਲ ਲਾਈਨ ’ਤੇ ਬੈਠ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ ਦੀ ਅਗਵਾਈ ਹੇਠ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਬੁੜੈਲ, ਸ਼ਰਨਜੀਤ ਸਿੰਘ, ਕਿਰਪਾਲ ਸਿੰਘ, ਕੁਲਦੀਪ ਕੁੰਡੂ, ਰਾਜ ਗਿੱਲ, ਇੰਦਰਜੀਤ ਸਿੰਘ ਗਰੇਵਾਲ, ਗਿਆਨ ਚੰਦ, ਪਰਮਿੰਦਰ ਸਿੰਘ ਸੰਧੂ, ਹਰਮਨਪ੍ਰੀਤ ਕੌਰ ਤੇ ਪਰਮਜੀਤ ਕੌਰ ਹਾਜ਼ਰ ਸਨ।
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਜੀਪ ਥੱਲੇ ਦਰੜੇ ਜਾਣ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੇਲਗੱਡੀਆਂ ਰੋਕ ਕੇ ਮੁਜ਼ਾਹਰਾ ਕੀਤਾ। ਇਲਾਕੇ ਦੇ ਕਿਸਾਨਾਂ ਨੇ ਮੁਹਾਲੀ ਰੇਲਵੇ ਸਟੇਸ਼ਨ ਅਤੇ ਰੇਲਵੇ ਲਾਈਨ ’ਤੇ ਧਰਨਾ ਦਿੱਤਾ। ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਪੁਆਧੀ ਕਿਸਾਨ ਮੋਰਚਾ ਦੇ ਆਗੂ ਅਮਨ ਪੂਨੀਆ, ਮਿੰਦਰ ਸਿੰਘ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਮਨਿੰਦਰ ਚਿੱਲਾ, ਜਸਵੰਤ ਸਿੰਘ, ਇੰਦਰਪਾਲ ਸਿੰਘ, ਕਮਲਜੀਤ ਸਿੰਘ, ਅੰਗਰੇਜ਼ ਸਿੰਘ, ਮੇਹਰ ਸਿੰਘ, ਨਵਦੀਪ ਬੈਦਵਾਨ, ਸੁੱਖ ਗਿੱਲ, ਹਰਭੈਜ ਰਿੰਕਾ ਅਤੇ ਪ੍ਰੋ. ਮਨਜੀਤ ਸਿੰਘ ਮੌਜੂਦ ਸਨ।
ਖਰੜ (ਸ਼ਸ਼ੀ ਪਾਲ ਜੈਨ): ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਖ਼ਿਲਾਫ਼ ਕਿਸਾਨਾਂ ਵੱਲੋਂ ਪਿੰਡ ਬਡਾਲਾ ਵਿੱਚ ਰੇਲਵੇ ਟਰੈਕ ’ਤੇ ਧਰਨਾ ਦਿੱਤਾ ਗਿਆ ਜਿਸ ’ਚ ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ, ਕੁਲਵੰਤ ਸਿੰਘ ਰੁੜਕੀ, ਸਤਨਾਮ ਸਿੰਘ ਦਾਊਂ, ਗੁਰਿੰਦਰ ਸਿੰਘ ਪੋਪਨਾ, ਰਵਿੰਦਰ ਸਿੰਘ ਪੋਪਨਾ, ਅਮਰਿੰਦਰ ਸਿੰਘ, ਸਨਪ੍ਰੀਤ ਸਿੰਘ ਦੇਹਕਲਾਂ, ਸਰਬਜੀਤ ਸਿੰਘ ਸੋਨੀ, ਜਸਪਾਲ ਸਿੰਘ ਲਾਂਡਰਾਂ ਤੇ ਨਛੱਤਰ ਬੈਦਵਾਨ ਸ਼ਾਮਲ ਹੋਏ।
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗੱਗੀ (ਖੋਜੇਮਾਜਰਾ), ਬਸੀ ਪਠਾਣਾਂ ਬਲਾਕ ਦੇ ਪ੍ਰਧਾਨ ਗੁਰਦੀਪ ਸਿੰਘ ਸੰਧੂ (ਕੋਟਲਾ), ਪਰਕਾਸ਼ ਸਿੰਘ ਬੱਬਲ ਅਤੇ ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਸਰਹਿੰਦ ਰੇਲਵੇ ਸਟੇਸ਼ਨ ਕੋਲ ਰੇਲਵੇ ਲਾਈਨਾਂ ’ਤੇ ਧਰਨਾ ਦੇ ਕੇ ਮੇਲ ਗੱਡੀਆਂ ਰੋਕੀਆਂ ਗਈਆਂ। ਕਿਸਾਨਾਂ ਵੱਲੋਂ ਸਵਾਰੀਆਂ ਨੂੰ ਲੰਗਰ ਵੀ ਛਕਾਇਆ ਗਿਆ। ਗੁਰਜਿੰਦਰ ਸਿੰਘ ਗੱਗੀ ਅਤੇ ਗੁਰਦੀਪ ਸਿੰਘ ਸੰਧੂ ਕੋਟਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ।
ਲਾਲੜੂ (ਸਰਬਜੀਤ ਸਿੰਘ ਭੱਟੀ): ਦੱਪਰ ਟੌਲ ਪਲਾਜ਼ਾ ਦੇ ਸਾਹਮਣੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਐਗਜ਼ੀਕਿਊਟਿਵ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ, ਰਾਜੇਵਾਲ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਕਾਰਕੌਰ, ਕਾਦੀਆਂ ਯੂਨੀਅਨ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸਾਧਾਂਪੁਰ ਅਤੇ ਨਿਰਮੈਲ ਸਿੰਘ ਜੌਲਾ, ਕਾ. ਰਵਿੰਦਰ ਸਿੰਘ ਦੱਪਰ, ਨਾਨੂ ਸਿੰਘ ਜਨੇਤਪੁਰ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਕਮਲਜੀਤ ਸਿੰਘ ਧਨੌਨੀ, ਅਵਤਾਰ ਸਿੰਘ ਜਵਾਹਰਪੁਰ, ਨਿੱਕਾ ਸਿੰਘ, ਜਗਤਾਰ ਸਿੰਘ ਝਰਮੜੀ, ਭਾਗ ਸਿੰਘ ਖੇੜੀ ਜੱਟਾਂ ਸਮੇਤ ਅਨੇਕਾ ਆਗੂ ਮੌਜੂਦ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੇਲਵੇ ਸਟੇਸ਼ਨ ਲਾਲੜੂ ’ਤੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਕੁਰਲੀ, ਹਰਵਿੰਦਰ ਸਿੰਘ ਟੋਨੀ, ਰਣਜੀਤ ਸਿੰਘ ਧਰਮਗੜ੍ਹ, ਪ੍ਰੇਮ ਸਿੰਘ ਰਾਣਾ, ਗੁਰਭਜਨ ਸਿੰਘ ਸੈਣੀ, ਸੁਭਾਸ਼ ਰਾਣਾ, ਗੁਰਚਰਨ ਸਿੰਘ ਟੋਹੜਾ, ਭੁਪਿੰਦਰ ਸਿੰਘ ਜੰਡਲੀ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ।
ਪੰਚਕੂਲਾ (ਪੀ ਪੀ ਵਰਮਾ): ਪਿੰਡ ਮਾਣਕਪੁਰ ਨਾਨਕ ਚੰਦ ਅਤੇ ਠਾਕੁਰਦਾਸ ਦਰਮਿਆਨ ਪੈਂਦੇ ਫਾਟਕ ਉੱਤੇ ਕਿਸਾਨ ਸਵੇਰੇ 10 ਵਜੇ ਪਹੁੰਚ ਗਏ ਤੇ ਰੇਲਵੇ ਪਟੜੀ ਉੱਤੇ ਬੈਠ ਗਏ ਅਤੇ ਸ਼ਾਮ 4 ਵਜੇ ਤੱਕ ਧਰਨਾ ਦਿੰਦੇ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਕਰਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਸ਼ਾਮਲ ਹੋਏ।
ਮੌਨ ਰੱਖ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਦੇ ਕਿਸਾਨਾਂ ਵੱਲੋਂ ਨਿਊ ਰੇਲਵੇ ਸਟੇਸ਼ਨ ਮੋਰਿੰਡਾ ’ਤੇ ਰੇਲਵੇ ਲਾਈਨ ’ਤੇ ਧਰਨਾ ਦਿੰਦਿਆਂ ਮੌਨ ਧਾਰਨ ਕਰ ਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ ਅਤੇ ਕੁਲਵਿੰਦਰ ਸਿੰਘ ਉੱਧਮਪੁਰਾ ਨੇ ਕਿਹਾ ਕਿ ਬੀ.ਐੱਸ.ਐੱਫ. ਦਾ ਪੰਜਾਬ ਵਿੱਚ ਘੇਰਾ ਵਧਾਉਣ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਕਰਨੀ ਚਾਹੁੰਦੀ ਹੈ ਅਤੇ ਮੋਰਚੇ ਨੂੰ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਇਸ ਮੌਕੇ ਜਸਮੇਰ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ ਅਤੇ ਨਾਟਕ ਮੰਡਲੀ ਨੇ ‘ਜੰਗ ਜਿੱਤਾਂਗੇ ਜ਼ਰੂਰ’ ਨਾਟਕ ਖੇਡਿਆ।
ਦੱਪਰ ਸਟੇਸ਼ਨ ’ਤੇ ਸਵਾਰੀਆਂ ਹੋਈਆਂ ਪ੍ਰੇਸ਼ਾਨ
ਲਾਲੜੂ: ਅੰਬਾਲਾ-ਕਾਲਕਾ ਰੇਲਵੇ ਮਾਰਗ ’ਤੇ ਸਥਿਤ ਦੱਪਰ ਰੇਲਵੇ ਸਟੇਸ਼ਨ ਨੇੜੇ ‘ਰੇਲ ਰੋਕੋ ਅੰਦੋਲਨ’ ਤਹਿਤ ਰੇਲਵੇ ਲਾਈਨ ’ਤੇ ਬੈਠੇ ਕਿਸਾਨਾਂ ਕਾਰਨ ਲਖਨਊ ਤੋਂ ਚੰਡੀਗੜ੍ਹ ਜਾ ਰਹੀ ਸਦਭਾਵਨਾ ਐਕਸਪ੍ਰੈਸ ਸਪੈਸ਼ਲ ਟਰੇਨ ਦੱਪਰ ਰੇਲਵੇ ਸਟੇਸ਼ਨ ’ਤੇ ਹੀ ਰੋਕਣੀ ਪਈ। ਇਸ ਮੌਕੇ ਟੀ.ਟੀ. ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਹ ਟਰੇਨ ਲਖਨਊ ਤੋਂ ਚੰਡੀਗੜ੍ਹ ਜਾ ਰਹੀ ਸੀ, ਜਿਸ ਵਿੱਚ ਕਰੀਬ 1600 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਟਰੇਨ ਸਵੇਰੇ 10:15 ’ਤੇ ਰੇਲਵੇ ਸਟੇਸ਼ਨ ਦੱਪਰ ਨੇੜੇ ਪੁੱਜੀ ਤਾਂ ਕਿਸਾਨਾਂ ਦੇ ਅੰਦੋਲਨ ਤੇ ਧਰਨੇ ਕਾਰਨ ਟਰੇਨ ਨੂੰ ਦੱਪਰ ਸਟੇਸ਼ਨ ’ਤੇ ਹੀ ਰੋਕ ਦਿੱਤਾ ਗਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਬਿਮਾਰ ਬਜ਼ੁਰਗ ਵਿਅਕਤੀਆਂ ਨੂੰ ਝੱਲਣੀ ਪਈ। -ਪੱਤਰ ਪ੍ਰੇਰਕ
ਅੰਬਾਲਾ ਵਿੱਚ 40 ਰੇਲਗੱਡੀਆਂ ਪ੍ਰਭਾਵਿਤ ਹੋਈਆਂ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਬੀ.ਐੱਸ.ਗਿੱਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਾਰਨ ਗੱਡੀ ਨੰਬਰ 02011 (ਦਿੱਲੀ-ਚੰਡੀਗੜ੍ਹ ਸ਼ਤਾਬਦੀ), ਗੱਡੀ ਨੰਬਰ 02358 (ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ) ਅਤੇ ਗੱਡੀ ਨੰਬਰ 04067 (ਦਿੱਲੀ-ਅੰਮ੍ਰਿਤਸਰ ਸ਼ਾਨ ਏ ਪੰਜਾਬ) ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਰੋਕ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਛਾਉਣੀ ਰੇਲਵੇ ਸਟੇਸ਼ਨ ਤੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਗੱਡੀਆਂ ਦਾ ਆਉਂਦੀਆਂ-ਜਾਂਦੀਆਂ ਹਨ ਅਤੇ ਅੱਜ ਸਾਰੀਆਂ ਹੀ ਪ੍ਰਭਾਵਿਤ ਹੋਈਆਂ ਹਨ।