ਪੀ.ਪੀ. ਵਰਮਾ
ਪੰਚਕੂਲਾ, 10 ਨਵੰਬਰ
ਹਰਿਆਣਾ ਦਾ ਪਹਾੜੀ ਇਲਾਕਾ ਮੋਰਨੀ ਮੂਲਭੂਤ ਸੁਵਿਧਾਵਾਂ ਤੋਂ ਸੱਖਣਾ ਹੈ। ਇਲਾਕੇ ਵਿੱਚ ਹੁਣ ਤੱਕ ਨਾ ਹੀ ਕੋਈ ਗੈਸ ਏਜੰਸੀ ਹੈ ਅਤੇ ਨਾ ਹੀ ਕੋਈ ਪੈਟਰੋਲ ਪੰਪ ਹੈ। ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਹਰ ਰੋਜ਼ ਲੜਨਾ ਪੈਂਦਾ ਹੈ। ਗੈਸ ਅਤੇ ਪੈਟਰੋਲ ਜਾਂ ਡੀਜ਼ਲ ਵਾਸਤੇ ਇਲਾਕੇ ਦੇ ਲੋਕਾਂ ਨੂੰ 35 ਕਿਲੋਮੀਟਰ ਦੂਰ ਪੰਚਕੂਲਾ ਜਾਂ ਰਾਏਪੁਰਾਣੀ ਜਾਣਾ ਪੈਂਦਾ ਹੈ। ਹਰਿਆਣਾ ਦੇ ਇੱਕ ਮਾਤਰ ਟੂਰਿਜ਼ਮ ਸਥਾਨ ਮੋਰਨੀ ਨੂੰ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਉਭਾਰਨ ਲਈ ਕਈ ਚਣੌਤੀਆਂ ’ਤੇ ਕੰਮ ਕਰਨਾ ਪਵੇਗਾ। ਟਿੱਕਰਤਾਲ ਵਿੱਚ ਐਂਡਵੈਂਚਰ ਪਾਰਕ ਦੀ ਹਾਲਤ ਬਹੁਤ ਹੀ ਖਰਾਬ ਹੋਣ ਤੋਂ ਇਲਾਵਾ ਇੱਥੇ ਮੋਬਾਈਲ ਨੈੱਟਵਰਕ ਅਤੇ ਇੰਟਰਨੈੱਟ ਦੀ ਹਾਲਤ ਵੀ ਬੜੀ ਚੰਗੀ ਨਹੀਂ ਹੈ।
ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਇਸ ਇਲਾਕੇ ਦੇ ਨਾਲ ਨਾਲ ਸੈਲਾਨੀਆਂ ਨੂੰ ਵੀ ਕਰਨਾ ਪੈਂਦਾ ਹੈ। ਟਿੱਕਰਤਾਲ ਦੇ ਰਸਤੇ ਵਿੱਚ ਹਾਲ ਇਸ ਤੋਂ ਵੀ ਬੁਰਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਗੈਸਟ ਹਾਊਸ ਜਾਂ ਹੋਟਲਾਂ ਵਿੱਚ ਡਿਜੀਟਲ ਪੇਮੈਂਟ ਕਰਨਾ ਜਾਂ ਐਮਰਜੈਂਸੀ ਵਿੱਚ ਆਪਣੇ ਪਰਿਵਾਰ ਜਾਂ ਰਿਸ਼ਤੇਦਾਰ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸੈਲਾਨੀ ਇੱਥੇ ਦੁਬਾਰਾ ਆਉਣ ਤੋਂ ਟਲਦੇ ਹਨ।