ਪੱਤਰ ਪ੍ਰੇਰਕ
ਚੰਡੀਗੜ੍ਹ, 5 ਮਈ
ਮੁੱਖ ਅੰਸ਼
- ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਬਹੁਤ ਜ਼ਰੂਰਤ ਪੈਣ ’ਤੇ ਹੀ ਹਸਪਤਾਲ ਆਉਣ ਦੀ ਸਲਾਹ
ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਚਿੰਤਾਜਨਕ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ਲਗਪਗ ਸਾਰੇ ਬੈੱਡ ਭਰ ਚੁੱਕੇ ਹਨ ਜਦਕਿ ਪੀਜੀਆਈ ਸਮੇਤ ਹੋਰਨਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਮੁਤਾਬਕ ਬੈੱਡਾਂ ਦੀ ਗਿਣਤੀ ਬਹੁਤ ਹੀ ਨਾ-ਮਾਤਰ ਰਹਿ ਗਈ ਹੈ। ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਕੰਗ ਦਾ ਕਹਿਣਾ ਹੈ ਕਿ ਜੇ ਲੋਕਾਂ ਨੇ ਹਾਲੇ ਵੀ ਦੋ-ਚਾਰ ਦਿਨਾਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਗੰਭੀਰਤਾ ਨਾ ਲਿਆ ਤਾਂ ਹਸਪਤਾਲਾਂ ਵਿੱਚ ਬੈੱਡ ਮਿਲਣੇ ਬਿਲਕੁਲ ਬੰਦ ਹੋ ਜਾਣਗੇ ਅਤੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।
ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਰੋਨਾ ਦੇ ਲੱਛਣ ਦਿਖਾਈ ਦੇਣ ’ਤੇ ਇੱਕਦਮ ਹਸਪਤਾਲਾਂ ਵੱਲ ਨਾ ਭੱਜਣ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਵਿੱਚ ਆਕਸੀਜਨ ਦੀ ਕਮੀ ਨਹੀਂ ਹੈ ਪ੍ਰੰਤੂ ਗੰਭੀਰ ਕਿਸਮ ਦੇ ਮਰੀਜ਼ਾਂ ਨੂੰ ਹੀ ਪੀ.ਜੀ.ਆਈ. ਆਉਣਾ ਚਾਹੀਦਾ ਹੈ। ਪੀ.ਜੀ.ਆਈ. ਦੀ ਐਮਰਜੈਂਸੀ ਵਿੱਚ ਇਲਾਜ ਅਧੀਨ ਕਰੋਨਾ ਮਹਿਲਾ ਮਰੀਜ਼ ਨੂੰ ਬੈੱਡ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਵਿੱਚ ਕਾਫ਼ੀ ਚਿੰਤਾ ਦਾ ਮਾਹੌਲ ਹੈ।