ਮਿਹਰ ਸਿੰਘ
ਕੁਰਾਲੀ, 22 ਅਕਤੂਬਰ
ਇੱਥੇ ਅੱਜ ਨਗਰ ਕੌਂਸਲ ਕੁਰਾਲੀ ਦੀ ਹੋਈ ਹਾਊਸ ਮੀਟਿੰਗ ਦੌਰਾਨ ਸ਼ਹਿਰ ਵਿੱਚ ਵਧ ਰਹੀਆਂ ਨਾਜਾਇਜ਼ ਕਲੋਨੀਆਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉੱਠਿਆ। ਮੀਟਿੰਗ ਵਿਚ ਹਾਊਸ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ 12 ਕਰੋੜ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸ਼ਹਿਰ ’ਚ ਗਮਾਡਾ ਵੱਲੋਂ ਪਾਏ ਗਏ ਸੀਵਰੇਜ ਦਾ ਮਾਮਲਾ ਵੀ ਉਭਾਰਿਆ ਗਿਆ। ਕੌਂਸਲਰ ਬਹਾਦਰ ਸਿੰਘ ਨੇ ਮੋਰਿੰਡਾ ਰੋਡ ’ਤੇ ਸੀਵਰੇਜ ਲਾਈਨ ਵਿੱਚ ਪਏ ਨੁਕਸ ਕਾਰਨ ਧਸੀ ਕੁਰਾਲੀ-ਮੋਰਿੰਡਾ ਰੋਡ ਦਾ ਮਾਮਲਾ ਉਠਾਉਂਦਿਆਂ ਇਸ ਨੁਕਸ ਲਈ ਗਮਾਡਾ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਸ ਨੁਕਸ ਦੀ ਮੁਰੰਮਤ ਲਈ ਖਰਚ ਕੀਤੇ ਜਾ ਰਹੇ 24 ਲੱਖ ਰੁੁਪਏ ਨੂੰ ਸ਼ਹਿਰ ਦਾ ਨੁਕਸਾਨ ਦੱਸਿਆ ਅਤੇ ਇਹ ਭਰਪਾਈ ਗਮਾਡਾ ਤੋਂ ਕਰਵਾਉਣ ’ਤੇ ਜ਼ੋਰ ਦਿੱਤਾ। ਹਲਕਾ ਵਿਧਾਇਕ ਕੰਵਰ ਸੰਧੂ ਅਤੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਗਮਾਡਾ ਵੱਲੋਂ ਪਾਏ ਗਏ ਸੀਵਰੇਜ ਦੀ ਤਕਨੀਕੀ ਪੱਖ ਤੋਂ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਰੱਖੀ, ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦੇ ਦਿੱਤੀ। ਇਸ ਮੀਟਿੰਗ ਦੌਰਾਨ ਕੌਂਸਲਰ ਬਹਾਦਰ ਸਿੰਘ ਓਕੇ ਅਤੇ ਖੁਸ਼ਵੀਰ ਸਿੰਘ ਨੇ ਸ਼ਹਿਰ ਵਿੱਚ ਨਿਯਮਤ ਅਤੇ ਅਣਅਧਿਕਾਰਤ ਕਲੋਨੀਆਂ ਦਾ ਮਾਮਲਾ ਉਠਾਉਂਦਿਆਂ ਕਲੋਨਾਈਜ਼ਰਾਂ ਵੱਲ ਖੜ੍ਹੀ ਕੌਂਸਲ ਦੀ ਕਰੋੜਾਂ ਰੁਪਏ ਦੀ ਫੀਸ ਦੀ ਵਸੂਲੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਕੁਰਾਲੀ ਦੇ ਹਸਪਤਾਲ ਵਿੱਚ ਪਾਰਕ ਸਥਾਪਤ ਕਰਨ, ਲਾਵਾਰਿਸ ਕੁੱਤਿਆਂ ਦੀ ਨਸਬੰਦੀ/ਨਲਬੰਦੀ ਕਰਨ ਸਬੰਧੀ ਬਣਾਏ ਕਲੱਸਟਰ ਨਾਲ ਜੋੜੇ ਜਾਣ, ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਡੋਰ-ਟੂ-ਡੋਰ ਸਰਵੇਖਣ ਕਰਵਾਉਣ ਸਣੇ ਹੋਰ ਕਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ।