ਮਿਹਰ ਸਿੰਘ
ਕੁਰਾਲੀ, 14 ਮਈ
ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਸ਼ਹਿਰ ਦੇ ਕਮਿਊਨਿਟੀ ਹੈਲਥ ਸੈਂਟਰ (ਸਿਹਤ ਕੇਂਦਰ) ਦਾ ਦੌਰਾ ਕੀਤਾ ਅਤੇ ਹਸਪਤਾਲ ਵਿੱਚ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਹਲਕਾ ਵਿਧਾਇਕਾ ਨੇ ਹਸਪਤਾਲ ਨੂੰ ਸਿਵਲ ਹਸਪਤਾਲ ਦਾ ਦਰਜਾ ਦੇਣ ਦਾ ਵਾਅਦਾ ਕੀਤਾ।
ਉਹ ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਸਥਾਨਕ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚਲੀਆਂ ਘਾਟਾਂ ਅਤੇ ਲੋੜਾਂ ਸਬੰਧੀ ਬੀਬਾ ਮਾਨ ਨੂੰ ਜਾਣੂ ਕਰਵਾਇਆ। ਇਸ ਦੌਰਾਨ ਬੀਬਾ ਮਾਨ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ‘ਆਪ’ ਸਰਕਾਰ ਦੀ ਪਹਿਲੀ ਤਰਜ਼ੀਹ ਹੈ।
ਮਰੀਜ਼ਾਂ ਦੀ ਬਹੁਤਾਤ ਕਾਰਨ ਦਰਪੇਸ਼ ਸਮੱਸਿਆਵਾਂ ਬਾਰੇ ਬੀਬੀ ਮਾਨ ਨੇ ਕਿਹਾ ਸ਼ਹਿਰ ਦੇ ਇਸ ਸਿਹਤ ਕੇਂਦਰ ਵਿੱਚ ਸਿਵਲ ਹਸਪਤਾਲ ਜਿੰਨਾ ਕੰਮ ਹੋ ਰਿਹਾ ਹੈ। ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਸੀਐੱਚਸੀ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਲਈ ਉਪਰਾਲਾ ਕਰਨਗੇ। ਉਨ੍ਹਾਂ ਨੇ ਖਸਤਾ ਹਾਲਤ ਇਮਾਰਤ ਦੀ ਹਾਲਤ ਸੁਧਾਰਨ, ਨਵੀਂ ਇਮਾਰਤ ਦਾ ਪ੍ਰਬੰਧ ਕਰਨ ਅਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਹਰੀਸ਼ ਰਾਣਾ, ਬਲਵਿੰਦਰ ਸਿੰਘ ਝਿੰਗੜਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਚਾਰ ਡਾਕਟਰ ਰੋਜ਼ਾਨਾ 600 ਮਰੀਜ਼ਾਂ ਦੀ ਕਰਦੇ ਨੇ ਜਾਂਚ
ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਿੰਦਰ ਭੂਸ਼ਨ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਵਿੱਚ ਕੇਵਲ ਚਾਰ ਡਾਕਟਰ ਹਨ ਜੋ ਕਿ ਰੋਜ਼ਾਨਾ 600 ਮਰੀਜ਼ਾਂ ਨੂੰ ਦੇਖਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਕੁਝ ਮੁਸ਼ਕਿਲਾਂ ਆ ਰਹੀਆਂ ਹਨ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵੀ ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਹਲਕਾ ਵਿਧਾਇਕ ਨੂੰ ਜਾਣੂ ਕਰਵਾਉਂਦਿਆਂ ਕੌਮੀ ਮਾਰਗ ’ਤੇ ਇਸ ਹਸਪਤਾਲ ਨੂੰ ਵਧੇਰੇ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਪੰਚਕੂਲਾ ਵਿੱਚ ਬਣੇਗਾ ਮੈਡੀਕਲ ਕਾਲਜ
ਪੰਚਕੂਲਾ (ਪੀ.ਪੀ. ਵਰਮਾ): ਇਥੇ ਮੈਡੀਕਲ ਕਾਲਜ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਹੂਡਾ ਵੱਲੋਂ ਘੱਗਰ ਨਦੀ ਦੇ ਨਾਲ ਸੈਕਟਰ-32 ਵਿੱਚ 30.51 ਏਕੜ ਜ਼ਮੀਨ ਵਿੱਚ ਇਹ ਕਾਲਜ ਬਣਾਇਆ ਜਾਵੇਗਾ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਅਗਲੇ ਸਾਲ ਤੱਕ ਮੈਡੀਕਲ ਕਾਲਜ ਤਿਆਰ ਹੋ ਜਾਵੇਗਾ ਅਤੇ ਐੱਮਬੀਬੀਐੱਸ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਸਿਵਲ ਹਸਪਤਾਲ ਨੂੰ ਇਸ ਮੈਡੀਕਲ ਕਾਲਜ ਨਾਲ ਜੋੜਿਆ ਜਾਵੇਗਾ। ਜਨ ਵਿਕਾਸ ਰੈਲੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਦੇ ਐਡੀਸਨਲ ਮੁੱਖ ਸਕੱਤਰ ਰਾਜੀਵ ਅਰੋੜਾ ਨਾਲ ਮੀਟਿੰਗ ਕੀਤੀ ਗਈ।