ਆਤਿਸ਼ ਗੁਪਤਾ
ਚੰਡੀਗੜ੍ਹ, 21 ਮਾਰਚ
ਸੈਕਟਰ-37 ਵਿੱਚ ਸਥਿਤ ਕੋਠੀ ’ਤੇ ਕਬਜ਼ਾ ਕਰਨ ਅਤੇ ਕੋਠੀ ਦੇ ਮਾਲਕ ਰਾਹੁਲ ਮਹਿਤਾ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਐੱਸਆਈਟੀ ਦੀ ਟੀਮ ਮੁੜ ਰਾਹੁਲ ਮਹਿਤਾ ਦੇ ਘਰ ਪਹੁੰਚੀ। ਪੁਲੀਸ ਨੇ ਘਰ ਵਿੱਚ ਬਣੀ ਇਮਾਰਤ ਦੀ ਮਿਣਤੀ ਕੀਤੀ ਹੈ। ਗੁਆਂਢ ਵਿੱਚ ਰਹਿੰਦੇ ਲੋਕਾਂ ਤੋਂ ਕੋਠੀ ਦੀ ਬਣਤਰ ਬਾਰੇ ਪੁੱਛ-ਗਿੱਛ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਕੋਠੀ ਵਿੱਚ ਕੁਝ ਨਾਜਾਇਜ਼ ਨਿਰਮਾਣ ਕਰਕੇ ਬਣਤਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਇਸ ਲਈ ਪੁਲੀਸ ਇਮਾਰਤ ਦੀ ਮਿਣਤੀ ਕਰ ਰਹੀ ਹੈ।
ਦੂਜੇ ਪਾਸੇ ਪੁਲੀਸ ਨੇ ਉਸ ਸਮੇਂ ਦੇ ਥਾਣਾ ਸੈਕਟਰ-39 ਵਿੱਚ ਤਾਇਨਾਤ ਮੁਲਾਜ਼ਮਾਂ ਤੋਂ ਪੜਤਾਲ ਕੀਤੀ ਗਈ। ਅਸਟੇਟ ਦਫ਼ਤਰ ਦੇ ਅਧਿਕਾਰੀਆਂ ਤੋਂ ਵੀ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਥਾਣਾ ਸੈਕਟਰ-31 ਦੀ ਪੁਲੀਸ ਨੇ ਸੈਕਟਰ-37 ਵਿੱਚ ਸਥਿਤ ਕੋਠੀ ਨੰਬਰ 340 ’ਤੇ ਕਬਜ਼ਾ ਕਰਨ ਅਤੇ ਅਸਲ ਮਾਲਕ ਰਾਹੁਲ ਮਹਿਤਾ ਨੂੰ ਅਗਵਾ ਕਰਨ ਦੇ ਮਾਮਲੇ ਸਬੰਧੀ ਅਰਵਿੰਦਰ ਸਿੰਗਲਾ, ਖਲਿੰਦਰ ਸਿੰਘ ਕਾਦੀਆਨ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ, ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਸਣੇ 9 ਜਣਿਆ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸੰਜੀਵ ਮਹਾਜਨ, ਮੁਨੀਸ਼ ਗੁਪਤਾ, ਸੱਤਪਾਲ ਡਾਗਰ ਅਤੇ ਰਾਜਦੀਪ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਹੈ।