ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਕਿਸਾਨ ਏਕਤਾ ਚੰਡੀਗੜ੍ਹ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ 27 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿਚ ‘ਹੱਲਾ ਬੋਲ ਕਿਸਾਨ ਸੰਮੇਲਨ’ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ, ਜਗਜੀਤ ਸਿੰਘ ਡੱਲੇਵਾਲ, ਪ੍ਰੋ. ਮਨਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ, ਜਿਨ੍ਹਾਂ ਵੱਲੋਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ। ਚੰਡੀਗੜ੍ਹ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਹੱਲਾ ਬੋਲ ਸੰਮੇਲਨ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰ ਸਕਣ। ਕਿਸਾਨ ਏਕਤਾ ਚੰਡੀਗੜ੍ਹ ਦੇ ਆਗੂ ਰਾਜਨ ਬੈਂਸ ਨੇ ਦੱੱਸਿਆ ਕਿ ‘ਹੱਲਾ ਬੋਲ ਸੰਮੇਲਨ’ ਵਿੱਚ ਕਿਸਾਨ ਆਗੂ ਤੇ ਚੰਡੀਗੜ੍ਹ ਦੇ ਵੱਖ-ਵੱਖ ਚੌਕਾਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਲੋਕ ਸ਼ਾਮਲ ਹੋਣਗੇ। ਸੰਮੇਲਨ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਨੌਜਵਾਨ ਕਿਸਾਨ ਏਕਤਾ, ਸਮੂਹ ਵਿਦਿਆਰਥੀ ਜਥੇਬੰਦੀਆਂ, ਬੈਸਟੈੱਕ ਮੋਰਚਾ ਮੁਹਾਲੀ, ਲੋਕ ਹਿੱਤ ਮਿਸ਼ਨ, ਸ਼ਿੰਘ ਸ਼ਹੀਦਾਂ ਕਿਸਾਨ ਮੋਰਚਾ ਸੋਹਾਣਾ, ਨਿਸ਼ਕਾਮ ਸੇਵਰ ਜਥਾ ਦੜੀਆ ਤੇ ਕਿਸਾਨ ਅੰਦੋਲਨ ਦੇ ਹਮਾਇਤੀ ਸ਼ਮੂਲੀਅਤ ਕਰਨਗੇ।