ਮੁਕੇਸ਼ ਕੁਮਾਰ
ਚੰਡੀਗੜ੍ਹ, 24 ਅਪਰੈਲ
ਇੱਥੇ ਪਿੰਡ ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਵਿੱਚ ਕਥਿਤ ਗੈਰ-ਕਾਨੂੰਨੀ ਢੰਗ ਨਾਲ ਬਣਾਏ ਮਕਾਨਾਂ ’ਤੇ ਕਾਰਵਾਈ ਕਰਨ ਲਈ ਪੁੱਜੀ ਚੰਡੀਗੜ੍ਹ ਪ੍ਰਸ਼ਾਸਨ ਦੀ ਐਨਫੋਰਸਮੈਂਟ ਵਿੰਗ ਦੀ ਟੀਮ ਨੂੰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬਿਨਾਂ ਕਾਰਵਾਈ ਕੀਤਿਆਂ ਵਾਪਸ ਜਾਣਾ ਪਿਆ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਗੈਰਕਾਨੂੰਨੀ ਇਮਾਰਤਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਮਿਲਖ ਵਿਭਾਗ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਅੱਜ ਇੱਥੇ ਪਿੰਡ ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਪੁੱਜੀ। ਜਿਵੇਂ ਹੀ ਐਨਫੋਰਸਮੈਂਟ ਵਿੰਗ ਦੀ ਟੀਮ ਪਿੰਡ ਵਿੱਚ ਕਥਿਤ ਨਾਜਾਇਜ਼ ਉਸਾਰੀਆਂ ਤੋੜਨ ਲਈ ਪੁੱਜੀ ਤਾਂ ਇਹ ਖ਼ਬਰ ਦੋਵੇਂ ਪਿੰਡਾਂ ਵਿੱਚ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਉੱਥੇ ਇਕੱਠਾ ਹੋ ਗਏ। ਉਨ੍ਹਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਧਰਨੇ ’ਤੇ ਬੈਠ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਕਈ ਸਾਲਾਂ ਤੋਂ ਆਪਣੇ ਮਕਾਨ ਬਣਾਏ ਹੋਏ ਹਨ ਅਤੇ ਬਾਕਾਇਦਾ ਰਜਿਸਟਰੀਆਂ ਹੋਈਆਂ ਹਨ ਤੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਵੀ ਮਿਲੇ ਹੋਏ ਹਨ। ਉਨ੍ਹਾਂ ਕਿਹਾ ਪ੍ਰਸ਼ਾਸਨ ਨਾਜਾਇਜ਼ ਉਸਾਰੀਆਂ ਦੇ ਨਾਂ ’ਤੇ ਪਿੰਡ ਵਾਸੀਆਂ ਨਾਲ ਧੱਕਾ ਕਰ ਰਿਹਾ ਹੈ ਅਤੇ ਉਹ ਇਹ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕਰਨਗੇ। ਕਾਫ਼ੀ ਜੱਦੋ-ਜਹਿਦ ਬਾਅਦ ਮਿਲਖ ਵਿਭਾਗ ਦੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਫ਼ੈਸਲਾ ਹੋਇਆ ਕਿ ਇਸ ਬਾਰੇ ਭਲਕੇ ਸੋਮਵਾਰ ਨੂੰ ਡੀਸੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਕਾਰਵਾਈ ਬਾਰੇ ਫ਼ੈਸਲਾ ਕੀਤਾ ਜਾਵੇਗਾ।
‘ਆਪ’ ਕੌਂਸਲਰ ਤੇ ਹੋਰ ਪਾਰਟੀਆਂ ਦੇ ਆਗੂ ਵੀ ਪੁੱਜੇ
ਆਪਣੇ ਘਰਾਂ ਦੀਆਂ ਛੱਤਾਂ ਨੂੰ ਬਚਾਉਣ ਲਈ ਤਿੱਖੜ ਗਰਮੀ ਵਿੱਚ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਦੀ ਹਮਾਇਤ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਸਮੇਤ ਹੋਰ ਪਾਰਟੀਆਂ ਦੇ ਨੇਤਾ ਵੀ ਪੁੱਜੇ ਅਤੇ ਧਰਨੇ ਵਿੱਚ ਸ਼ਾਮਲ ਹੋਏ। ਧਰਨੇ ਵਿੱਚ ਸ਼ਾਮਲ ‘ਆਪ’ ਕੌਂਸਲਰਾਂ ਅੰਜੂ ਕਟਿਆਲ, ਨੇਹਾ, ਤਰੁਨਾ ਮਹਿਤਾ, ਦਮਨਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਟੀਟਾ ਨੇ ਪ੍ਰਸ਼ਾਸਨ ਤੋਂ ਸ਼ਹਿਰ ਵਿੱਚ ਗੈਰ-ਕਾਨੂੰਨੀ ਉਸਾਰੀਆਂ ਤੋੜਨ ਦੇ ਨਾਂ ’ਤੇ ਕੀਤੀ ਜਾ ਰਹੀ ਭੰਨ-ਤੋੜ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦਾ ਪੀਲਾ ਪੰਜਾ ਨਾਜਾਇਜ਼ ਉਸਾਰੀਆਂ ਦੇ ਨਾਂ ‘ਤੇ ਸ਼ਹਿਰ ਦੀ ਆਮ ਜਨਤਾ ’ਤੇ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਉੱਚ ਅਧਿਕਾਰੀਆਂ ਦੇ ਘਰਾਂ ਵਿੱਚ ਕੀਤੀਆਂ ਗਈਆਂ ਗ਼ੈਰ-ਕਾਨੂੰਨੀ ਉਸਾਰੀਆਂ ਨੂੰ ਹਟਾਏ।
ਸ਼ਾਸਤਰੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਧਰਨਾ
ਚੰਡੀਗੜ੍ਹ: ਸੈਕਟਰ 22 ਸਥਿਤ ਸ਼ਾਸਤਰੀ ਮਾਰਕੀਟ ਦੇ ਦੁਕਾਨਦਾਰਾਂ ਨੇ ਐਨਫੋਰਸਮੈਂਟ ਵਿੰਗ ਦੀ ਕਾਰਵਾਈ ਦੇ ਵਿਰੋਧ ਵਿੱਚ ਸਵੇਰੇ ਮਾਰਕੀਟ ਬੰਦ ਕਰ ਕੇ ਧਰਨਾ ਦਿੱਤਾ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਵਿੰਗ ਵਿੱਚ ਸ਼ਾਮਲ ਬਿਨਾਂ ਵਰਦੀ ਤੋਂ ਲੇਬਰ ਮਾਰਕੀਟ ਵਿੱਚ ਅਚਨਚੇਤ ਪੁੱਜ ਕੇ ਦੁਕਾਨਦਾਰਾਂ ਦਾ ਸਾਮਾਨ ਚੁੱਕਣਾ ਸ਼ੁਰੂ ਕਰ ਦਿੰਦੀ ਹੈ। ਵਰਦੀ ’ਚ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਨਿਗਮ ਦੇ ਕਰਮੀ ਹਨ ਜਾਂ ਕੋਈ ਹੋਰ। ਸ਼ਾਸਤਰੀ ਮਾਰਕੀਟ ਦੇ ਪ੍ਰਧਾਨ ਜਸਵਿੰਦਰ ਨਾਗਪਾਲ ਨੇ ਦੱਸਿਆ ਕਿ ਲੰਘੇ ਦਿਨ ਇੱਥੇ ਮਾਰਕੀਟ ਵਿੱਚ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਦੁਕਾਨਦਾਰਾਂ ਦੇ ਚਲਾਨ ਕੱਟਣ ਪੁੱਜੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿੰਗ ਵਿੱਚ ਸ਼ਾਮਲ ਲੇਬਰ, ਜਿਸਨੇ ਕੋਈ ਵਰਦੀ ਨਹੀਂ ਪਈ ਹੋਈ ਸੀ, ਇੱਕਦਮ ਕੁਝ ਦੁਕਾਨਦਾਰਾਂ ਦਾ ਸਾਮਾਨ ਚੁੱਕਣ ਲੱਗੀ। ਉਨ੍ਹਾਂ ਦੱਸਿਆ ਕਿ ਜਦੋਂ ਦੁਕਾਨਦਾਰਾਂ ਨੇ ਸਾਮਾਨ ਚੁੱਕਣ ਵਾਲੇ ਦੀ ਪਛਾਣ ਨਾ ਹੋਣ ਕਾਰਨ ਵਿਰੋਧ ਕੀਤਾ ਤਾਂ ਐਨਫੋਰਸਮੈਂਟ ਵਿੰਗ ਦੀ ਸਬ-ਇੰਸਪੈਕਟਰ ਭੁਪਿੰਦਰ ਕੌਰ ਨੇ ਉਨ੍ਹਾਂ ਖਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਬਾਰੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸਬ-ਇੰਸਪੈਕਟਰ ਭੁਪਿੰਦਰ ਕੌਰ ਨੇ ਦੁਕਾਨਦਾਰਾਂ ’ਤੇ ਉਨ੍ਹਾਂ ਨਾਲ ਗਲਤ ਵਤੀਰਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੇ ਪ੍ਰਧਾਨ ਦੇ ਰਿਸ਼ਤੇਦਾਰ ਦੀਆਂ ਦੁਕਾਨਾਂ ਦਾ ਚਲਾਨ ਕੱਟਣ ਕਾਰਨ ਇਹ ਸਭ ਕੁਝ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਬਾਰੇ ਵਧੀਕ ਕਮਿਸ਼ਨਰ ਰੁਪੇਸ਼ ਕੁਮਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਕੌਂਸਲਰ ਦਮਨਪ੍ਰੀਤ ਸਿੰਘ ਵੀ ਮਾਰਕੀਟ ਵਾਲਿਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਪੁੱਜੇ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰਕੀਟ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਪਾਲ ਨੇ ਦੋਸ਼ ਲਾਇਆ ਕਿ ਨਿਗਮ ਦੀ ਕਥਿਤ ਮਿਲੀਭੁਗਤ ਨਾਲ ਵੈਂਡਰਾਂ ਦਾ ਸਾਮਾਨ ਸਰਕਾਰੀ ਜ਼ਮੀਨ ’ਤੇ ਲਗਵਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਨਾਜਾਇਜ ਕਬਜ਼ਿਆਂ ਦੇ ਨਾਂ ’ਤੇ ਤੰਗ ਕੀਤਾ ਜਾ ਰਿਹਾ ਹੈ। -ਖੇਤਰੀ ਪ੍ਰਤੀਨਿਧ