ਮਿਹਰ ਸਿੰਘ
ਕੁਰਾਲੀ, 1 ਮਈ
ਪਿੰਡ ਖਿਜ਼ਰਾਬਾਦ ਦਾ ਬੱਸ ਅੱਡਾ ਪਸ਼ੂਆਂ ਦਾ ਰੈਣ-ਬਸੇਰਾ ਤੇ ਅਣ-ਅਧਿਕਾਰਤ ਪਾਰਕਿੰਗ ਬਣਦਾ ਜਾ ਰਿਹਾ ਹੈ। ਜੋ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਪਾਰਕਿੰਗ ਨੂੰ ਹਟਾਉਣ ਦੀ ਮੰਗ ਕੀਤੀ ਹੈ। ਬਲਾਕ ਮਾਜਰੀ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੇ ਬੱਸ ਅੱਡਾ ਬਣਾਇਆ ਗਿਆ ਹੈ, ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਚੰਡੀਗੜ੍ਹ ਤੇ ਹੋਰ ਸ਼ਹਿਰਾਂ ਨੂੰ ਜਾਂਦੇ ਹਨ। ਪਰ ਖਿਜ਼ਰਾਬਾਦ ’ਚ ਬਣਿਆ ਬੱਸ ਅੱਡਾ ਪਾਰਕਿੰਗ ਦਾ ਰੂਪ ਧਾਰਨ ਕਰ ਗਿਆ ਹੈ। ਖਿਜ਼ਰਾਬਾਦ ਬੱਸ ਸਟੈਂਡ ਤੋਂ ਹਰ ਰੋਜ਼ ਸੈਂਕੜੇ ਬੱਸਾਂ ਚੰਡੀਗੜ੍ਹ ਤੋਂ ਇਲਾਵਾ ਕੁਰਾਲੀ ਤੇ ਹੋਰ ਪਿੰਡਾਂ ਨੂੰ ਜਾਂਦੀਆਂ ਹਨ। ਜਿਸ ਕਾਰਨ ਇਸ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਖਿਜ਼ਰਾਬਾਦ ਬੱਸ ਸਟੈਂਡ ’ਤੇ ਆਉਂਦੇ ਹਨ। ਬੇਸ਼ੱਕ ਖਿਜ਼ਰਾਬਾਦ ਬੱਸ ਸਟੈਂਡ ’ਤੇ ਸਵਾਰੀਆਂ ਦੇ ਬੈਠਣ ਲਈ ਸੀਮਿੰਟ ਦੇ ਬੈਂਚ ਬਣਾਏ ਗਏ ਹਨ ਪਰ ਇਸ ਖੇਤਰ ਨੂੰ ਵੀ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਵਜੋਂ ਵਰਤਿਆ ਜਾ ਰਿਹਾ ਹੈ। ਖਿਜ਼ਰਾਬਾਦ ਤੋਂ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਲੋਕ ਆਪਣੇ ਦੋ ਪਹੀਆ ਵਾਹਨ ਬੱਸ ਅੱਡੇ ’ਚ ਅਣ-ਅਧਿਕਾਰਿਤ ਖੜ੍ਹੇ ਕਰ ਜਾਂਦੇ ਹਨ ਤੇ ਸ਼ਾਮ ਨੂੰ ਵਾਪਸ ਆਉਣ ’ਤੇ ਚੁੱਕ ਲੈਂਦੇ ਹਨ। ਟਿੱਪਰਾਂ ਤੇ ਸਕੂਲ ਬੱਸਾਂ ਦੀ ਪਾਰਕਿੰਗ ਵੀ ਇਸ ਬੱਸ ਅੱਡੇ ’ਚ ਹੀ ਕੀਤੀ ਜਾ ਰਹੀ ਹੈ। ਬੱਸ ਸਟੈਂਡ ’ਤੇ ਸਵਾਰੀਆਂ ਦੇ ਬੈਠਣ ਲਈ ਬਣਾਈ ਥਾਂ ’ਤੇ ਪਾਰਕਿੰਗ ਕਾਰਨ ਯਾਤਰੀਆਂ ਨੂੰ ਕੜਾਕੇ ਦੀ ਗਰਮੀ ’ਚ ਇੱਧਰ ਉੱਧਰ ਭਟਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੱਸ ਸਟੈਂਡ ਦੇ ਅੰਦਰ ਹੋਰ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ’ਚ ਸਫਰ ਕਰਨ ਲਈ ਆਉਣ ਵਾਲੇ ਲੋਕਾਂ ਲਈ ਬੱਸ ਸਟੈਂਡ ਦੇ ਅੰਦਰ ਪਖਾਨੇ ਬਣਾਏ ਗਏ ਹਨ ਪਰ ਇਨ੍ਹਾਂ ਦੀ ਮਾੜੀ ਹਾਲਤ ਤੇ ਸਫ਼ਾਈ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਅੰਦਰ ਅਵਾਰਾ ਪਸ਼ੂਆਂ ਦੀ ਵੀ ਭਰਮਾਰ ਰਹਿੰਦੀ ਹੈ। ਇਲਾਕਾ ਵਾਸੀ ਜਰਨੈਲ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਬੱਸ ਅੱਡਾ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ ਪਰ ਇਸ ਤਰ੍ਹਾਂ ਦੀ ਪਾਰਕਿੰਗ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਲੋਕਾਂ ਨੇ ਬੱਸ ਅੱਡੇ ਵਿੱਚ ਵਧੇਰੇ ਸਹੂਲਤਾਂ ਦਾ ਪ੍ਰਬੰਧ ਕਰਨ ਤੇ ਇਸਨੂੰ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਕੀਤੀ ਹੈ।