ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਸਤੰਬਰ
ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਮੇਨਜ਼ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਦੇਸ਼ ਭਰ ਦੇ ਸਿਖਰਲੇ ਸੌ ਵਿਦਿਆਰਥੀਆਂ ਵਿਚ ਟਰਾਈਸਿਟੀ ਦੇ ਦੋ ਵਿਦਿਆਰਥੀਆਂ ਨੇ ਥਾਂ ਬਣਾਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਐਲਾਨੇ ਨਤੀਜੇ ਵਿਚ ਟਰਾਈਸਿਟੀ ਦਾ ਟੌਪਰ ਪੰਚਕੂਲਾ ਦੇ ਭਵਨ ਵਿਦਿਆਲਿਆ ਵਿਚੋਂ ਬਾਰ੍ਹਵੀਂ ਕਰ ਚੁੱਕਾ ਕਾਰਤਿਕ ਸ਼ਰਮਾ ਰਿਹਾ ਜਿਸ ਨੇ 99.9985 ਪਰਸੇਂਟਾਈਲ ਹਾਸਲ ਕਰ ਕੇ ਆਲ ਇੰਡੀਆ 42ਵਾਂ ਰੈਂਕ ਹਾਸਲ ਕੀਤਾ। ਕੁੰਵਰਪ੍ਰੀਤ ਸਿੰਘ ਦੇ 99.9972 ਪਰਸੇਂਟਾਈਲ ਆਏ ਹਨ ਤੇ ਉਸ ਦਾ ਆਲ ਇੰਡੀਆ 58ਵਾਂ ਰੈਂਕ ਹੈ। ਉਸ ਨੇ ਗੁਰੂ ਗੋਬਿੰਦ ਸਿੰਘ ਸਕੂਲ ਸੈਕਟਰ-35 ਵਿਚੋਂ ਬਾਰ੍ਹਵੀਂ ਕੀਤੀ ਤੇ ਟਰਾਈਸਿਟੀ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਗੁਰੂ ਗੋਬਿੰਦ ਸਿੰਘ ਸਕੂਲ ਸੈਕਟਰ-35 ਦੀ ਹੀ ਕਸ਼ਿਸ਼ ਕੌਸ਼ਲ ਨੇ 99.67 ਪਰਸੇਂਟਾਈਲ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਤਿੰਨਾਂ ਨੇ ਦੱਸਿਆ ਕਿ ਕਰੋਨਾ ਕਾਰਨ ਕਈ ਵਾਰ ਪ੍ਰੀਖਿਆ ਮੁਲਤਵੀ ਕੀਤੀ ਗਈ ਤੇ ਇਨ੍ਹਾਂ ਨੂੰ ਹਰ ਵਾਰ ਪੜ੍ਹਨ ਲਈ ਜ਼ਿਆਦਾ ਸਮਾਂ ਮਿਲਿਆ ਜਿਸ ਦੌਰਾਨ ਉਨ੍ਹਾਂ ਆਪਣੇ ਸ਼ੰਕੇ ਦੂਰ ਕੀਤੇ ਤੇ ਟੀਚੇ ’ਤੇ ਧਿਆਨ ਕੇਂਦਰਿਤ ਕਰ ਕੇ ਪੜ੍ਹਾਈ ਜਾਰੀ ਰੱਖੀ। ਕਾਰਤਿਕ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਹ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਪੰਚਕੂਲਾ ਆਇਆ ਤੇ ਸਕੂਲ ਦੇ ਹੋਸਟਲ ਵਿਚ ਰਹਿ ਕੇ ਤਿਆਰੀ ਕੀਤੀ। ਗੁਰੂ ਗੋਬਿੰਦ ਸਿੰਘ ਸਕੂਲ ਸੈਕਟਰ-35 ਦੇ ਸਾਬਕਾ ਵਿਦਿਆਰਥੀ ਕੁੰਵਰ ਨੇ ਦੱਸਿਆ ਕਿ ਉਸ ਨੂੰ ਪ੍ਰੀਖਿਆ ਮੁਲਤਵੀ ਹੋਣ ਕਾਰਨ ਤਣਾਅ ਵਿਚੋਂ ਗੁਜ਼ਰਨਾ ਪਿਆ ਪਰ ਪਰਿਵਾਰ ਦੀ ਪ੍ਰੇਰਨਾ ਨਾਲ ਉਸ ਨੇ ਤਣਾਅ ਨੂੰ ਹਾਵੀ ਨਹੀਂ ਹੋਣ ਦਿੱਤਾ। ਉਸ ਦੇ ਪਿਤਾ ਸੀ ਡੈਕ ਵਿਚ ਜੁਆਇੰਟ ਡਾਇਰੈਕਟਰ ਹਨ।
ਮਾਰਚ 2022 ਦੀਆਂ ਪ੍ਰੀਖਿਆਵਾਂ ਲਈ ਰਜਿਸਟਰੇਸ਼ਨ ਸ਼ੁਰੂ
ਸੀਬੀਐੱਸਈ ਨੇ ਸਕੂਲਾਂ ਨੂੰ ਸਰਕੁਲਰ ਭੇਜ ਕੇ ਹਦਾਇਤ ਕੀਤੀ ਹੈ ਕਿ ਮਾਰਚ 2022 ਦੀਆਂ ਪ੍ਰੀਖਿਆਵਾਂ ਲਈ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ। ਇਹ ਰਜਿਸਟਰੇਸ਼ਨ 7 ਸਤੰਬਰ ਤੋਂ ਸ਼ੁਰੂ ਹੋਈ ਹੈ ਤੇ 4 ਨਵੰਬਰ ਤਕ ਕਰਵਾਈ ਜਾ ਸਕਦੀ ਹੈ ਜਿਸ ਲਈ ਪ੍ਰਤੀ ਵਿਦਿਆਰਥੀ 300 ਰੁਪਏ ਫੀਸ ਹੈ। ਸੀਬੀਐੱਸਈ ਨੇ ਸਪਸ਼ਟ ਕੀਤਾ ਹੈ ਕਿ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਨੂੰ ਹੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਕ ਹੋਰ ਸਰਕੁਲਰ ਭੇਜ ਕੇ ਸਕੂਲਾਂ ਨੂੰ ਅਗਲੇ ਸਾਲ ਮਾਰਚ ਵਿਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸੂਚੀਆਂ ਮੰਗੀਆਂ ਗਈਆਂ ਹਨ। ਇਹ ਸੂਚੀਆਂ 15 ਅਕਤੂਬਰ ਤਕ ਭੇਜਣੀਆਂ ਜ਼ਰੂਰੀ ਹਨ ਜਿਸ ਲਈ ਪ੍ਰਤੀ ਵਿਦਿਆਰਥੀ 1500 ਰੁਪਏ ਫੀਸ ਹੋਵੇਗੀ।
ਸਤੰਬਰ ਦੇ ਅਖੀਰ ਵਿੱਚ ਹੋਵੇਗੀ ਆਫਲਾਈਨ ਪ੍ਰੀਖਿਆ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਹੁਣ ਆਫਲਾਈਨ ਕਰਵਾਉਣ ਦਾ ਫੈਸਲਾ ਲਿਆ ਹੈ। ਵਿਭਾਗ ਨੇ ਹਾਲ ਦੀ ਘੜੀ ਸਿਰਫ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਨੌਵੀਂ ਜਮਾਤ ਦੀਆਂ ਪ੍ਰੀਖਿਆਵਾਂ ਆਨਲਾਈਨ ਜਾਂ ਆਫਲਾਈਨ ਕਰਵਾਉਣ ਬਾਰੇ ਬਾਅਦ ਵਿਚ ਫੈਸਲਾ ਕੀਤਾ ਜਾਵੇਗਾ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਮਾਪਿਆਂ ਨੂੰ ਆਫਲਾਈਨ ਪ੍ਰੀਖਿਆ ਕਰਵਾਉਣ ਬਾਰੇ ਸੁਝਾਅ ਮੰਗੇ ਹਨ। ਵਿਭਾਗ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇ ਕੋਈ ਵਿਦਿਆਰਥੀ ਕੰਪਾਰਟਮੈਂਟ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪ੍ਰਮੋਟ ਨਹੀਂ ਕੀਤਾ ਜਾਵੇਗਾ। ਵਿਭਾਗ ਨੇ ਪਹਿਲਾਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਨਲਾਈਨ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਸੀ ਪਰ ਇਨ੍ਹਾਂ ਜਮਾਤਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਕੋਲ ਆਨਲਾਈਨ ਪ੍ਰੀਖਿਆ ਲਈ ਉਪਕਰਣ ਨਹੀਂ ਹਨ ਜਿਸ ਕਾਰਨ ਸਕੂਲ ਮੁਖੀਆਂ ਨੇ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਕਿ ਇਨ੍ਹਾਂ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਉਣ ਵਿਚ ਕਈ ਸਮੱਸਿਆਵਾਂ ਦਰਪੇਸ਼ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਲਕਾ ਮਹਿਤਾ ਨੇ ਦੱਸਿਆ ਕਿ ਸੀਬੀਐੱਸਈ, ਨੀਟ ਤੇ ਜੇਈਈ ਨੇ ਵੀ ਪ੍ਰੀਖਿਆ ਆਫਲਾਈਨ ਲੈਣ ਦਾ ਫੈਸਲਾ ਕੀਤਾ ਹੈ। ਇਸ ਕਰ ਕੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਆਫਲਾਈਨ ਪ੍ਰੀਖਿਆ ਕਰਵਾਉਣ ਬਾਰੇ ਸਹਿਮਤੀ ਲਈ ਜਾਵੇ।