ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਜੇਈਈ ਮੇਨਜ਼ 2021 ਦੇ ਨਤੀਜਿਆਂ ਦਾ ਐਲਾਨ ਦੇਰ ਰਾਤ ਕੀਤਾ ਹੈ। ਦੇਸ਼ ਦੇ 44 ਵਿਦਿਆਰਥੀਆਂ ਨੇ 100 ਪਰਸੇਂਟਾਈਲ ਅੰਕ ਹਾਸਿਲ ਕੀਤੇ ਹਨ। ਇਸ ਵਿੱਚ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਹੇ ਗੁਰਅੰਮ੍ਰਿਤ ਸਿੰਘ ਨੇ 100 ਪਰਸੇਂਟਾਈਲ ਨਾਲ ਆਲ ਇੰਡੀਆ ਵਿੱਚ ਪਹਿਲਾ ਰੈਂਕ ਹਾਸਿਲ ਕੀਤਾ ਹੈ। ਜੇਈਈ ਦੇ ਨਤੀਜਿਆਂ ਦੇ ਐਲਾਨ ਨਾਲ ਗੁਰਅੰਮ੍ਰਿਤ ਅਤੇ ਉਸ ਦੇ ਪਰਿਵਾਰਕ ਮੈਂਬਰ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਐਲਾਨ ਚੰਡੀਗੜ੍ਹ ਨੇ ਵੀ ਗੁਰਅੰਮ੍ਰਿਤ ਨੂੰ ਸਨਮਾਨਿਤ ਕੀਤਾ।
ਗੁਰਅੰਮ੍ਰਿਤ ਸਿੰਘ ਮੁਹਾਲੀ ਦੇ ਸੈਕਟਰ-74 ’ਚ ਪਰਿਵਾਰ ਸਣੇ ਰਹਿੰਦੇ ਹਨ। ਉਸ ਦੇ ਪਿਤਾ ਗੁਰਦਰਸ਼ਨ ਸਿੰਘ ਬਿਜਨਸਮੈਨ ਹਨ ਅਤੇ ਮਾਂ ਘਰ ਦਾ ਕੰਮਕਾਜ ਸਾਂਭਦੀ ਹੈ। ਜਦੋਂਕਿ ਛੋਟਾ ਭਰਾ 10ਵੀਂ ਦੀ ਪੜ੍ਹਾਈ ਕਰ ਰਿਹਾ ਹੈ। ਜਿਨ੍ਹਾਂ ਦੇ ਬਾਰਵੀਂ ਦੀ ਪ੍ਰੀਖਿਆ ਵਿੱਚ ਨਾਨ ਮੈਡੀਕਲ ’ਚ 99.2 ਫ਼ੀਸਦ ਅਤੇ ਦਸਵੀਂ ’ਚ 97 ਫ਼ੀਸਦ ਅੰਕ ਹਾਸਿਲ ਕੀਤੇ ਸਨ। ਜੋ ਕਿ ਆਈਆਈਟੀ ਮੁੰਬਈ ਤੋਂ ਕੰਪਿਉਟਰ ਸਾਈਂਸ ’ਚ ਇੰਜਨੀਅਰਿੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਬਾਰਵੀਂ ਦੀ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾਂ 7-8 ਘੰਟੇ ਜੇਈਈ ਮੈਨਜ਼ ਦੀ ਤਿਆਰੀ ਕਰਦੇ ਸਨ। ਉਹ 3 ਅਕਤੂਬਰ ਨੂੰ ਹੋਣ ਵਾਲੀ ਜੇਈਈ ਐਡਵਾਂਸ ਦੀ ਪ੍ਰੀਖਿਆ ਦੀ ਤਿਆਰੀ ’ਚ ਜੁੱਟ ਗਏ ਹਨ।
ਇਸੇ ਤਰ੍ਹਾਂ ਐਲਨ ਚੰਡੀਗੜ੍ਹ ਦੇ ਵਿਦਿਆਰਥੀ ਦਾਨਿਸ਼ ਝਾਂਜੀ ਨੇ 33 ਵਾਂ ਰੈਂਕ ਅਤੇ ਕਨਵ ਸਿੰਗਲਾ ਨੇ 42 ਵਾਂ ਰੈਂਕ ਹਾਸਿਲ ਕੀਤਾ। ਸਿਧਾਰਥ ਗੁਪਤਾ 60 ਵਾਂ ਰੈਂਕ, ਭਾਵਜ ਸਿੰਗਲਾ ਨੇ 98ਵਾਂ ਰੈਂਕ ਅਤੇ ਤਲਿਨ ਗੁਪਤਾ ਨੇ 100 ਵਾਂ ਰੈਂਕ ਹਾਸਿਲ ਕੀਤਾ। ਐਲਨ ਦੇ ਟ੍ਰਾਈਸਿਟੀ ਸੈਂਟਰ ਹੈੱਡ ਸ੍ਰੀ ਸਦਾਨੰਦ ਵਾਣੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਬੀ.ਈ./ਬੀ.ਟੈੱਕ ਦੇ ਲਈ ਜੇਈਈ ਮੈਨਜ਼ ਪ੍ਰੀਖਿਆ ਨੂੰ ਐਨਟੀਏ ਦੁਆਰਾ ਫਰਵਰੀ, ਮਾਰਚ, ਜੁਲਾਈ, ਅਗਸਤ/ਸਤੰਬਰ ਵਿੱਚ ਕ੍ਰਮਵਾਰ 4 ਸ਼ੈਸ਼ਨਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ 9,39,008 ਉਮੀਦਵਾਰਾਂ ਨੇ ਬੀ.ਈ./ਬੀ.ਟੈੱਕ. ਕੋਰਸਾਂ ਵਿੱਚ ਦਾਖਲੇ ਦੇ ਲਈ ਪ੍ਰੀਖਿਆ ਦਿੱਤੀ ਸੀ।