ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਕੰਪਿਊਟਰ ਲਾਏ ਜਾਣਗੇ ਤੇ ਆਈਟੀ ਦਾ ਸਾਰਾ ਢਾਂਚਾ ਨਵੇਂ ਸਿਰੇ ਤੋਂ ਲਾਇਆ ਜਾਵੇਗਾ ਜਿਸ ਲਈ ਸਿੱਖਿਆ ਵਿਭਾਗ ਨੇ ਆਈਟੀ ਨੂੰ ਇਸ ਸਬੰਧੀ ਕੰਮ ਕਰਨ ਲਈ ਕਹਿ ਦਿੱਤਾ ਹੈ। ਆਈਟੀ ਦੇ ਨਵੇਂ ਉਪਕਰਣ ਖਰੀਦਣ ਤੋਂ ਪਹਿਲਾਂ ਪੁਰਾਣੇ ਸਿਸਟਮ ਨੂੰ ਖਤਮ ਕੀਤਾ ਜਾਵੇਗਾ, ਉਸ ਤੋਂ ਬਾਅਦ ਨਵੇਂ ਸਿਸਟਮ ਲਾਏ ਜਾਣਗੇ।
ਡਾਇਰੈਕਟਰ ਸਕੂਲ ਐਜੂਕੇਸ਼ਨ ਹੁਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਲਗਪਗ ਸਾਰੇ ਕੰਪਿਊਟਰ ਪੁਰਾਣੇ ਹੋ ਚੁੱਕੇ ਹਨ। ਇਸ ਸਬੰਧੀ ਸਕੂਲਾਂ ਕੋਲੋਂ ਕੰਪਿਊਟਰਾਂ ਤੇ ਹੋਰ ਆਈ ਟੀ ਸਾਮਾਨ ਦੀ ਸੂਚੀ ਮੰਗੀ ਗਈ ਸੀ। ਇਸ ਵੇਲੇ ਚੰਡੀਗੜ੍ਹ ਵਿਚ 116 ਸਰਕਾਰੀ ਸਕੂਲ ਹਨ ਜਿਨ੍ਹਾਂ ਵਿਚੋਂ ਅੱਠ ਪ੍ਰਾਇਮਰੀ, 12 ਮਿਡਲ, 53 ਹਾਈ ਤੇ 43 ਸੀਨੀਅਰ ਸੈਕੰਡਰੀ ਸਕੂਲ ਹਨ। ਇਥੋਂ ਦੇ ਸਕੂਲਾਂ ਵਿਚ ਛੇਵੀਂ ਤੋਂ ਆਈ ਟੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਸਾਲ 2007 ਵਿਚ ਆਈਟੀ ਵਿਭਾਗ ਸਥਾਪਿਤ ਕੀਤਾ ਗਿਆ ਸੀ। ਇਥੋਂ ਦੇ ਅਧਿਆਪਕਾਂ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਵਿਚ ਪੁਰਾਣੇ ਕੰਪਿਊਟਰ ਹਨ, ਇਹ ਕੰਪਿਊਟਰ ਤੇ ਪ੍ਰੋਸੈਸਰ ਹੌਲੀ ਚੱਲਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਖਾਸੀ ਪ੍ਰਭਾਵਿਤ ਹੋ ਰਹੀ ਹੈ। ਕਈ ਵਾਰ ਤਾਂ ਕਲਾਸ ਖਤਮ ਹੋਣ ਤਕ ਕੰਪਿਊਟਰ ਸ਼ੁਰੂ ਹੀ ਨਹੀਂ ਹੁੰਦੇ ਸਨ ਤੇ ਵਿਦਿਆਰਥੀ ਬਿਨਾਂ ਆਈਟੀ ਪੜ੍ਹੇ ਜਮਾਤਾਂ ਤੋਂ ਵਾਪਸ ਚਲੇ ਜਾਂਦੇ ਸਨ। ਡਾਇਰੈਕਟਰ ਨੇ ਦੱਸਿਆ ਕਿ ਸੁਸਾਇਟੀ ਫਾਰ ਪ੍ਰੋਮੋਸ਼ਨ ਵੱਲੋਂ ਨਵੇਂ ਉਪਕਰਣਾਂ ਦੀਆਂ ਸਪੈਸੀਫਿਕੇਸ਼ਨਾਂ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਹੀ ਬਜਟ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਜਦ ਤਕ ਪੁਰਾਣੇ ਸਾਮਾਨ ਨੂੰ ਖਤਮ ਨਹੀਂ ਕੀਤਾ ਜਾਂਦਾ ਤਦ ਤਕ ਨਵਾਂ ਸਾਮਾਨ ਖਰੀਦਿਆ ਨਹੀਂ ਜਾ ਸਕਦਾ। ਉਸ ਵੇਲੇ ਸਰਕਾਰੀ ਸਕੂਲਾਂ ਦੇ ਕੰਪਿਊਟਰਾਂ ਵਿਚ ਐਕਸਪੀ ਤੇ ਵਿੰਡੋ 7 ਹੀ ਸੀ। ਇਨ੍ਹਾਂ ਵਿਚ ਨਵੇਂ ਸਿੱਖਿਆ ਸਾਫਟਵੇਅਰ ਇੰਸਟਾਲ ਹੀ ਨਹੀਂ ਕੀਤੇ ਜਾ ਸਕਦੇ। ਪੁਰਾਣੇ ਕੰਪਿਊਟਰਾਂ ਵਿਚ ਇਕ ਜੀਬੀ ਰੈਮ ਹੈ।
ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕਰਵਾਈ ਜਾਣ ਵਾਲੀ ਜੇਈ ਮੇਨਜ਼ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ ਜੋ 29 ਜੂਨ ਤਕ ਚੱਲੇਗੀ। ਅੱਜ ਬੀ ਆਰਕ ਤੇ ਬੀ ਪਲਾਨਿੰਗ ਦੀ ਪ੍ਰੀਖਿਆ ਦੋ ਪੜਾਅ ਵਿਚ ਕਰਵਾਈ ਗਈ। ਇਹ ਪ੍ਰੀਖਿਆ ਸਵੇਰੇ 9 ਤੋਂ 12 ਤੇ ਦੁਪਹਿਰ 3 ਤੋਂ 6 ਵਜੇ ਤਕ ਕਰਵਾਈ ਗਈ। ਇਸ ਪ੍ਰੀਖਿਆ ਦਾ ਚੰਡੀਗੜ੍ਹ ਵਿਚ ਕੋਈ ਸੈਂਟਰ ਨਹੀਂ ਬਣਿਆ। ਇਸ ਦੇ ਸੈਂਟਰ ਮੁਹਾਲੀ, ਖਰੜ ਤੇ ਡੇਰਾਬਸੀ ਦੇ ਇੰਜਨੀਅਰਿੰਗ ਕਾਲਜਾਂ ਵਿਚ ਬਣੇ ਹਨ। ਦੱਸਣਯੋਗ ਹੈ ਕਿ ਦੇਸ਼ ਭਰ ਦੇ 501 ਤੇ ਵਿਦੇਸ਼ ਦੇ 22 ਸ਼ਹਿਰਾਂ ਵਿਚ ਜੇਈਈ ਦੇ ਸੈਂਟਰ ਬਣੇ ਹਨ ਜਿਸ ਵਿਚ ਇਕ ਲੱਖ ਦੇ ਕਰੀਬ ਵਿਦਿਆਰਥੀ ਪ੍ਰੀਖਿਆ ਦੇਣਗੇ। ਜੇਈਈ ਦੇ ਦੂਜੇ ਸੈਸ਼ਨ ਲਈ 30 ਜੂਨ ਤਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਦੂਜੇ ਪੜਾਅ ਦੀਆਂ ਪ੍ਰੀਖਿਆਵਾਂ 21 ਜੁਲਾਈ ਤੋਂ ਸ਼ੁਰੂ ਹੋਣਗੀਆਂ।