ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਚੰਡੀਗੜ੍ਹ ਵਿੱਚ ਦੋ ਪਹੀਆ ਵਾਹਨ ਚਲਾਉਣ ਜਾਂ ਅਜਿਹੇ ਵਾਹਨਾਂ ਦੀ ਸਵਾਰੀ ਕਰਨ ਵੇਲੇ ਔਰਤਾਂ ਲਈ ਹੈਲਮਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫ਼ੈਸਲਾ ਅੱਜ ਰੋਡ ਸੇਫ਼ਟੀ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ। ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਸਬੰਧੀ ਜਲਦੀ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੌਂਸਲ ਨੇ ਸ਼ਹਿਰ ਵਿਚਲੀ ਭੀੜ ਵਾਲੀਆਂ ਸੜਕਾਂ ’ਤੇ ਵਾਹਨ ਰੋਕਣ ਜਾਂ ਖੜ੍ਹਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ।
ਚੰਡੀਗੜ੍ਹ ਵਿੱਚ ਸਟੇਟ ਰੋਡ ਸੇਫ਼ਟੀ ਕੌਂਸਲ ਦੀ ਮੀਟਿੰਗ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਹੋਈ ਅਤੇ ਸ਼ਹਿਰ ’ਚ ਸੜਕ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਕੌਂਸਲ ਨੇ ਸ਼ਹਿਰ ਵਿੱਚ ਕੇਂਦਰੀ ਮੋਟਰ ਵਹੀਕਲ ਨਿਯਮ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਿਯਮ ਅਨੁਸਾਰ ਸਿਰਫ਼ ਦਸਤਾਰ ਪਾਉਣ ਵਾਲੇ ਵਿਅਕਤੀ ਨੂੰ ਹੀ ਹੈਲਮਟ ਦੀ ਵਰਤੋਂ ਤੋਂ ਛੋਟ ਦਿੱਤੀ ਜਾਵੇਗੀ ਜਦੋਂ ਕਿ ਦਸਤਾਰ ਨਾ ਪਾਉਣ ਵਾਲੀਆਂ ਔਰਤਾਂ ਅਤੇ ਪੁਰਸ਼ਾਂ ਨੂੰ ਲਾਜ਼ਮੀ ਤੌਰ ’ਤੇ ਹੈਲਮਟ ਪਹਿਨਣ ਦੇ ਹੁਕਮ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਸ਼ਹਿਰ ਵਿਚਲੇ ਸਕੂਲਾਂ ਅਤੇ ਹਸਪਤਾਲਾਂ ਦੇ ਨੇੜੇ ਸੜਕ ’ਤੇ ਮਾਰਕਿੰਗ ਅਤੇ ਪੈਦਲ ਚੱਲਣ ਲਈ ਜ਼ੈਬਰਾ ਕਰਾਸਿੰਗ, ਸਾਈਲੈਂਸ ਜ਼ੋਨ, ਸਪੀਡ ਚਿੰਨ੍ਹ ਅਤੇ ਨੋ-ਪਾਰਕਿੰਗ ਦੇ ਬੋਰਡ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਚੌਕਾਂ ਦੀ ਦਿਖ ਨਿਖਾਰਨ ਲਈ ਵੀ ਰਿਫਲੈਕਟਿਵ ਟੇਪਾਂ ਲਗਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਸ਼ਹਿਰ ਵਿਚਲੇ ਵੱਧ ਐਕਸੀਡੈਂਟ ਵਾਲੇ ਚੌਕਾਂ ਵਿੱਚ ਟਰੈਫਿਕ ਘਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ।