ਮੁੱਖ ਅੰਸ਼
- ਮਹਿੰਗੇ ਪਲਾਟ ਖਰੀਦ ਕੇ ਮਕਾਨ ਬਣਾਉਣ ਦਾ ਵਾਸਤਾ ਦਿੱਤਾ
- ਪਾਰਕ ਦਾ ਵਿਕਾਸ ਰੁਕਣ ਕਾਰਨ ਦਿੱਕਤਾਂ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਜੂਨ
ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਆਈਟੀ ਸਿਟੀ ਸੈਕਟਰ-66-ਬੀ ਦੇ ਵਸਨੀਕ ਗਮਾਡਾ ਦੀ ਕਥਿਤ ਅਣਦੇਖੀ ਕਾਰਨ ਪ੍ਰੇਸ਼ਾਨ ਹਨ। ਇੱਥੇ ਪਬਲਿਕ ਪਾਰਕ ਵਾਲੀ ਥਾਂ ਉੱਤੇ ਠੇਕੇਦਾਰ ਦੀ ਲੇਬਰ ਰਹਿ ਰਹੀ ਹੈ। ਲੋਕਾਂ ਦੇ ਘਰਾਂ ਦੇ ਬਾਹਰ ਅਤੇ ਉਸਾਰੀ ਅਧੀਨ ਮਕਾਨਾਂ ਵਿੱਚ ਪਿਆ ਸੈਨੇਟਰੀ ਦਾ ਸਮਾਨ ਵੀ ਚੋਰੀ ਹੋਣ ਲੱਗ ਪਿਆ ਹੈ।
ਸੈਕਟਰ ਵਾਸੀ ਸੇਵਾਮੁਕਤ ਸਬ-ਇੰਸਪੈਕਟਰ ਜਸਪਾਲ ਸਿੰਘ, ਧਰਮਿੰਦਰ ਗੁਪਤਾ, ਮਹਿੰਦਰ ਸਿੰਘ, ਜਪਜੀਤ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਇੱਥੇ ਗਮਾਡਾ ਦੀ ਅਧਿਕਾਰਤ ਐੱਲਐਂਡਟੀ ਕੰਪਨੀ ਨੇ ਆਈਟੀ ਸਿਟੀ, ਐਰੋਸਿਟੀ ਅਤੇ ਨੇੜਲਾ ਇਲਾਕਾ ਵਿਕਸਤ ਕਰਨ ਸਮੇਂ ਰਿਹਾਇਸ਼ੀ ਪਾਰਕ ਵਾਲੀ ਥਾਂ ਉੱਤੇ ਮਜ਼ਦੂਰਾਂ ਦੇ ਰਹਿਣ ਲਈ ਆਰਜ਼ੀ ਪ੍ਰਬੰਧ ਕੀਤਾ ਸੀ। ਹੁਣ ਜਦੋਂ ਕੰਪਨੀ ਦਾ ਕੰਮ ਮੁਕੰਮਲ ਹੋਣ ਕਾਰਨ ਕੱਚੇ ਕੋਠਿਆਂ ਵਿੱਚ ਰਹਿੰਦੀ ਲੇਬਰ ਵੀ ਜਾ ਚੁੱਕੀ ਹੈ ਪਰ ਕਿਸੇ ਹੋਰ ਠੇਕੇਦਾਰ ਨੇ ਇਨ੍ਹਾਂ ਕੱਚੇ ਕੋਠਿਆਂ ਵਿੱਚ ਆਪਣੀ ਲੇਬਰ ਬਿਠਾ ਦਿੱਤੀ ਹੈ। ਇਸ ਕਾਰਨ ਪਾਰਕ ਦਾ ਵਿਕਾਸ ਰੁਕ ਗਿਆ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੀ ਰਕਮ ਖਰਚ ਕੇ ਇੱਥੇ ਮਕਾਨ ਬਣਾਏ ਹਨ ਪਰ ਪਾਰਕ ਵਾਲੀ ਥਾਂ ’ਤੇ ਮਜ਼ਦੂਰਾਂ ਦੀ ਕਲੋਨੀ ਵਸ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਾਲੀ ਥਾਂ ਖਾਲੀ ਕਰਵਾ ਕੇ ਸੈਰਗਾਹ ਵਜੋਂ ਵਿਕਸਤ ਕਰਨ ਲਈ ਉਹ ਗਮਾਡਾ ਨੂੰ ਦਰਖਾਸਤਾਂ ਦੇ ਚੁੱਕੇ ਹਨ ਪਰ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਦੀ ਲੇਬਰ ਨੂੰ ਇੱਥੋਂ ਜਾਣ ਲਈ ਕਿਹਾ ਜਾਵੇ ਅਤੇ ਇੱਥੇ ਆਧੁਨਿਕ ਪਾਰਕ ਬਣਾਇਆ ਜਾਵੇ।
ਇਸੇ ਦੌਰਾਨ ਮਜ਼ਦੂਰਾਂ ਦਾ ਪੱਖ ਰੱਖਦਿਆਂ ਬਲਦੇਵ ਸ਼ਰਮਾ ਨੇ ਕਿਹਾ ਕਿ ਉਹ ਠੇਕੇਦਾਰ ਕੋਲ ਕੰਮ ਕਰਦੇ ਹਨ ਅਤੇ ਚਾਰ ਮਹੀਨੇ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਮੰਨਿਆਂ ਕਿ ਜਿਸ ਥਾਂ ’ਤੇ ਉਹ ਰਹਿੰਦੇ ਹਨ, ਉਹ ਥਾਂ ਪਾਰਕ ਲਈ ਛੱਡੀ ਗਈ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੇ ਰਹਿਣ ਦਾ ਹੋਰ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਹ ਕਿੱਥੇ ਜਾਣ?
ਗਮਾਡਾ ਦਾ ਕਰਮਚਾਰੀ ਅੱਜ ਮੌਕੇ ਦਾ ਕਰੇਗਾ ਦੌਰਾ
ਗਮਾਡਾ ਦੇ ਐਸਟੇਟ ਅਫ਼ਸਰ ਖ਼ੁਸ਼ਦਿਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਸੈਕਟਰ ਵਾਸੀ ਨੇ ਉਨ੍ਹਾਂ ਨੂੰ ਕੋਈ ਦਰਖਾਸਤ ਦਿੱਤੀ ਹੈ। ਉਨ੍ਹਾਂ ਨੇ ਦਫ਼ਤਰ ਦੇ ਕਰਮਚਾਰੀ ਪਰਮਿੰਦਰ ਸਿੰਘ ਨੂੰ ਮੌਕਾ ਦੇਖ ਕੇ ਰਿਪੋਰਟ ਦੇਣ ਲਈ ਆਖਿਆ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਵੀਰਵਾਰ ਨੂੰ ਮੌਕਾ ਦੇਖਣ ਜਾਵੇਗਾ।