ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 30 ਜੂਨ
ਪਿੰਡ ਝਿਊਰਹੇੜੀ ਵਿੱਚ ਅੱਜ ਗ੍ਰਾਮ ਸਭਾ ਹੋਇਆ। ਇਸ ਮੌਕੇ ਅਮਰੀਕ ਸਿੰਘ ਨੇ ਪੰਚਾਇਤ ਵਿਭਾਗ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ। ਸਰਪੰਚ ਮਨਦੀਪ ਕੌਰ, ਪੰਚ ਜਸਵਿੰਦਰ ਸਿੰਘ, ਹਰਦੀਪ ਸਿੰਘ ਆਦਿ ਵੀ ਮੌਜੂਦ ਸਨ। ਪੰਚਾਇਤ ਨੇ ਆਪਣੇ ਖਰਚਿਆਂ ਦਾ ਵੇਰਵਾ ਪੇਸ਼ ਕਰਦਿਆਂ ਆਖਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਉੱਤੇ 3 ਕਰੋੜ, 36 ਲੱਖ ਦੀ ਰਾਸ਼ੀ ਖਰਚੀ ਗਈ ਹੈ ਤੇ ਪੰਚਾਇਤ ਕੋਲ 37 ਕਰੋੜ ਦੇ ਕਰੀਬ ਰਾਸ਼ੀ ਬਕਾਇਆ ਪਈ ਹੈ। ਗ੍ਰਾਮ ਸਭਾ ਦੇ ਮੈਂਬਰ ਲਖਵਿੰਦਰ ਸਿੰਘ ਨੇ ਪਾਣੀ ਅਤੇ ਸਟਰੀਟ ਲਾਈਟਾਂ ਦਾ ਮੁੱਦਾ ਚੁੱਕਿਆ। ਡਾ. ਸੁਖਵੀਰ ਸਿੰਘ ਨੇ ਗੰਦੇ ਪਾਣੀ ਦੇ ਨਿਕਾਸ ਅਤੇ ਪਾਣੀ ਦੇ ਬਕਾਇਆ ਬਿੱਲ, ਪਾਣੀ ਦੀ ਸੈਨੀਟੇਸ਼ਨ ਕਮੇਟੀ ਦੀਆਂ ਮੀਟਿੰਗਾਂ ਨਾ ਕਰਨ ਦਾ ਮਾਮਲਾ ਉਠਾਇਆ। ਮਨਰੇਗਾ ਕਾਮਿਆਂ ਨੂੰ ਕੰਮ ਨਾ ਦੇਣ, ਕੱਚੀਆਂ ਛੱਤਾਂ ਲਈ ਗਰਾਂਟ ਅਤੇ ਬੇਘਰਿਆਂ ਨੂੰ ਪਲਾਟ ਨਾ ਮਿਲਣ ਦਾ ਮੁੱਦਾ ਵੀ ਉਭਾਰਿਆ ਗਿਆ। ਇਸ ਮੌਕੇ ਪੰਚਾਇਤੀ ਮਤੇ ਦੀਆਂ ਕਾਪੀਆਂ ਦੇਣ, ਗ੍ਰਾਮ ਸਭਾ ਦੇ ਇਜਲਾਸ ਦੀ ਪੰਦਰਾਂ ਦਿਨ ਪਹਿਲਾਂ ਮੁਨਿਆਦੀ ਕਰਾਏ ਜਾਣ ਦੀ ਵੀ ਮੰਗ ਕੀਤੀ।