ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਮਈ
ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਆਈਪੀਐੱਲ ਮੈਚ ਦੌਰਾਨ ਸੱਟੇਬਾਜ਼ੀ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦੇ ਸਰਗਨਾ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ 17.47 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਹਿਤੇਸ਼ ਹਾਂਸ ਅਤੇ ਰਾਜੂ ਥਾਪਾ ਵਾਸੀ ਸੈਕਟਰ-63 ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਜਣਿਆਂ ਖ਼ਿਲਾਫ਼ ਥਾਣਾ ਸੈਕਟਰ-39 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ 38-ਬੀ ਵਿੱਚ ਛਾਪਾ ਮਾਰਿਆ ਅਤੇ ਦੋਵੇਂ ਜਣਿਆਂ ਨੂੰ ਆਈਪੀਐੱਲ ਮੈਚਾਂ ’ਤੇ ਸੱਟੇਬਾਜ਼ੀ ਕਰਦਿਆਂ ਨੂੰ ਕਾਬੂ ਕੀਤਾ। ਪੁਲੀਸ ਨੇ ਦੋਵਾਂ ਨੌਜਵਾਨਾਂ ਤੋਂ 11.67 ਲੱਖ ਰੁਪਏ ਮੌਕੇ ਤੋਂ ਬਰਾਮਦ ਕੀਤੇ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਸੈਕਟਰ-45 ਦੇ ਵਸਨੀਕ ਸੰਜੇ ਖੁਰਾਨਾ ਲਈ ਕੰਮ ਕਰਦੇ ਹਨ। ਇਸੇ ਦੌਰਾਨ ਪੁਲੀਸ ਨੇ ਹਿਤੇਸ਼ ਦੀ ਕਾਰ ਵਿੱਚੋਂ 5.80 ਲੱਖ ਰੁਪਏ ਹੋਰ ਬਰਾਮਦ ਕੀਤੇ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਸੰਜੇ ਖੁਰਾਨਾ ਦੀ ਭਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਮੈਚਾਂ ਵਿੱਚ ਸੱਟੇ ਲਗਾਉਣ ਦਾ ਧੰਦਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਮੁਲਜ਼ਮਾਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਬੁੱਕਿਜ਼ ਦੇ ਹੌਸਲੇ ਬੁਲੰਦ ਹਨ। ਕ੍ਰਿਕਟ ਪ੍ਰੇਮੀਆਂ ਦੀ ਪੁਲੀਸ ਨੂੰ ਅਪੀਲ ਹੈ ਕਿ ਅਜਿਹੇ ਗਰੋਹਾਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਜਾਵੇ।
ਮੁਅੱਤਲ ਚੌਕੀ ਇੰਚਾਰਜ ਵੱਲੋਂ ਅਦਾਲਤ ’ਚ ਅਰਜ਼ੀ
ਪੰਚਕੂਲਾ (ਪੀ.ਪੀ. ਵਰਮਾ): ਪੈਸਾ ਵਸੂਲੀ ਮਾਮਲੇ ਵਿੱਚ ਪੁਲੀਸ ਦੀ ਹਿਰਾਸਤ ਵਿੱਚੋਂ ਭੱਜੇ ਮੁਅੱਤਲ ਚੌਕੀ ਇੰਚਾਰਜ ਨੇ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਚੌਕੀ ਇੰਚਾਰਜ ਦਾ ਨਾਂ ਗੁਰਮੇਜ਼ ਸਿੰਘ ਦੱਸਿਆ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੂੰ ਧਮਕਾਉਣ ਦੇ ਮਾਮਲੇ ਵਿੱਚ ਅਨਿਲ ਭੱਲਾ ਦੇ ਬੇਟੇ ਸਾਹਿਲ ਭੱਲਾ ਅਤੇ ਇੱਕ ਹੋਰ ਵਿਅਕਤੀ ਨਰਿੰਦਰ ਖਿਲਨ ਦੇ ਬੇਟੇ ਮੋਹਿਤ ਵੱਲੋਂ ਦਿੱਤੀ ਜ਼ਮਾਨਤ ਅਰਜ਼ੀ ਕੋਰਟ ਨੇ ਖਾਰਜ ਕਰ ਦਿੱਤੀ ਹੈ। ਇਸੇ ਮਾਮਲੇ ਵਿੱਚ ਅੱਜ ਅੰਜੂ ਭੱਲਾ, ਗੌਰਵ, ਅੰਜਲੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ ਅੰਬਾਲਾ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਬੈਂਕ ਦੇ ਬਾਹਰ ਪਾਰਕਿੰਗ ਵਿੱਚੋਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਗੱਡੀ ਵਿੱਚੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਸੈਕਟਰ-2 ਦੇ ਬੈਂਕ ਦੇ ਲਾਕਰ ਵਿੱਚੋਂ ਸਾਮਾਨ ਕੱਢਵਾ ਕੇ ਮੁਲਜ਼ਮ ਫਾਰਚੂਨ ਗੱਡੀ ਵਿੱਚ ਫ਼ਰਾਰ ਹੋਣ ਦੀ ਫਿਰਾਕ ਵਿੱਚ ਸਨ। ਪੁਲੀਸ ਨੇ ਮੁਲਜ਼ਮਾਂ ਨੁੰ ਗ੍ਰਿਫ਼ਤਾਰ ਕਰਕੇ ਸੈਕਟਰ-2 ਦੇ ਥਾਣੇ ਵਿੱਚ ਲਿਆਂਦਾ। ਮੁਲਜ਼ਮਾਂ ਖ਼ਿਲਾਫ਼ ਕਾਲੇ ਘਨ ਨੂੰ ਚਿੱਟਾ ਕਰਨ, ਆਰਮਜ਼ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।