ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਪੰਜਾਬੀ ਲੇਖਕ ਸਭਾ, ਪੈਗ਼ਾਮ-ਏ-ਨਾਮਾ ਅਤੇ ਇਪਟਾ ਚੰਡੀਗੜ੍ਹ ਦੇ ਸਹਿਯੋਗ ਨਾਲ ਇੱਥੇ ਪੰਜਾਬ ਕਲਾ ਭਵਨ ਵਿਖੇ ‘ਸੱਭਿਆਚਾਰਕ ਪ੍ਰਦੂਸ਼ਣ’ ਬਾਰੇ ਕਨਵੈਨਸ਼ਨ ਕਰਵਾਈ ਗਈ। ਇਸ ਵਿਚ ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ ਭਰਵੀਂ ਸ਼ਮੂਲੀਅਤ ਰਹੀ। ਉਨ੍ਹਾਂ ‘ਸੱਭਿਆਚਾਰਕ ਪ੍ਰਦੂਸ਼ਣ’ ਬਾਰੇ ਗੱਲ ਕਰਦਿਆਂ ਸਾਰੀਆਂ ਰਾਜਸੀ ਪਾਰਟੀਆਂ ਤੋਂ ਚੋਣ ਮੁੱਦਾ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਹੋਰਾਂ ਪ੍ਰਦੂਸ਼ਣਾ ਵਾਂਗ ਸਭਿਆਚਾਰਕ ਪ੍ਰਦੂਸ਼ਣ ਵੀ ਗੰਭੀਰ ਮਸਲਾ ਹੈ ਜਿਸ ਵਿੱਚ ਗੀਤਕਾਰੀ ਤੇ ਗਾਇਕੀ ਦਾ ਪ੍ਰਦੂਸ਼ਣ ਵੱਧ ਪ੍ਰੇਸ਼ਾਨ ਕਰਦਾ ਹੈ। ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੋਂ ਪਾਸਾ ਵੱਟ ਲਿਆ ਹੈ ਜਿਸ ਕਾਰਨ ਪੰਜਾਬ ਦਾ ਸੱਭਿਆਚਾਰ ਵੀ ਪ੍ਰਭਾਵਿਤ ਹੋ ਰਹਾ ਹੈ। ਕਾਂਗਰਸੀ ਆਗੂ ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ‘ਸੱਭਿਆਚਾਰਕ ਪ੍ਰਦੂਸ਼ਣ’ ਬਹੁਤ ਹੀ ਗੰਭੀਰ ਮਸਲਾ ਹੈ। ਇਸ ਨੂੰ ਕਾਂਗਰਸ ਦੀ ਮੈਨੀਫੇਟੋ ਕਮੇਟੀ ਵਿੱਚ ਵਿਚਾਰਿਆ ਜਾਵੇਗਾ। ਸੀਪੀਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਿਰਫ਼ ‘ਸੱਭਿਆਚਾਰਕ ਪ੍ਰਦੂਸ਼ਣ’ ਹੀ ਨਹੀਂ ਬਲਕਿ ਹਰ ਸਮਾਜਿਕ ਬੁਰਾਈ ਖਿਲਾਫ਼ ਸਾਡੀ ਪਾਰਟੀ ਦੇਸ਼ ਭਰ ਵਿਚ ਆਪਣੀ ਆਵਾਜ਼ ਉਠਾਏਗੀ। ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਾਨੂੰ ਹਰ ਕਿਸਮ ਦੇ ਪ੍ਰਦੂਸ਼ਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਵੀ ਸਿਆਸੀ ਪਾਰਟੀਆਂ ਨੇ ਉਕਤ ਮੁੱਦਿਆਂ ਨੂੰ ਚੋਣ ਮੈਨੀਫੇਸਟੋ ਦਾ ਹਿੱਸਾ ਬਣਾਉਣ ਦਾ ਦਾਅਵਾ ਕੀਤਾ ਸੀ, ਪਰ ਕਿਸੇ ਵੱਲੋਂ ਵੀ ‘ਸੱਭਿਆਚਾਰ ਪ੍ਰਦੂਸ਼ਣ’ ਬਾਰੇ ਗੱਲ ਨਹੀਂ ਕੀਤੀ ਗਈ। ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਪਟਾ ਵੱਲੋਂ ‘ਸਭਿਆਚਾਰਕ ਪ੍ਰਦੂਸ਼ਣ’ ਵਰਗਾ ਮੁੱਦਾ ਉਠਾਇਆ ਜਾਣਾ ਸਮੇਂ ਦੀ ਲੋੜ ਹੈ।