ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਜਨਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀ ਹਦਾਇਤ ਤੋਂ ਬਾਅਦ ਅੱਜ ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਛੇਵੀਂ ਤੋਂ ਸਕਿੱਲ ਕੋਰਸ ਸ਼ੁਰੂ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਇਹ ਕੋਰਸ ਅਪਰੈਲ ਤੋਂ ਸ਼ੁਰੂ ਕਰਨਾ ਯਕੀਨੀ ਬਣਾਇਆ ਜਾਵੇਗਾ। ਵਿਦਿਆਰਥੀਆਂ ਨੂੰ ਖੁੱਲ੍ਹ ਹੋਵੇਗੀ ਕਿ ਉਹ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੀ ਕਿਸੇ ਵੀ ਜਮਾਤ ਵਿਚੋਂ ਸਕਿੱਲ ਕੋਰਸ ਸ਼ੁਰੂ ਕਰ ਸਕਦਾ ਹੈ। ਇਸ ਤੋਂ ਪਹਿਲਾਂ ਗਿਆਰ੍ਹਵੀਂ ਜਮਾਤ ਤੋਂ ਸਕਿੱਲ ਵਿਸ਼ੇ ਸ਼ੁਰੂ ਹੁੰਦੇ ਸਨ। ਸਕਿੱਲ ਕੋਰਸ ਸ਼ੁਰੂ ਕਰਨ ਦਾ ਫੈਸਲਾ ਨਵੀਂ ਸਿੱਖਿਆ ਨੀਤੀ ਤਹਿਤ ਲਿਆ ਗਿਆ ਹੈ।
ਸਟੇਟ ਪ੍ਰਾਜੈਕਟ ਡਾਇਰੈਕਟਰ ਨੇ ਸਰਕੁਲਰ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਕਰੀਕੁਲਰ, ਕੋ-ਕਰੀਕੁਲਰ ਤੇ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਨੂੰ ਇਕੱਠਾ ਕੀਤਾ ਜਾਵੇਗਾ। ਇਸ ਲਈ ਸਕੂਲਾਂ ਨੂੰ ਛੇਵੀਂ ਤੋਂ ਹੀ ਸਕਿੱਲ ਕੋਰਸ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਲਈ ਅਕਾਦਮਿਕ ਵਰ੍ਹੇ ਲਈ 12 ਘੰਟੇ ਹਰੇਕ ਦਾ ਮਾਡਿਊਲ ਤਿਆਰ ਕੀਤਾ ਹੈ ਜਿਸ ਨੂੰ ਵਿਦਿਆਰਥੀ ਇਕ ਸਾਲ ਵਿਚ ਮੁਕੰਮਲ ਕਰੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਵਿਦਿਆਰਥੀ ਇਹ ਸਕਿੱਲ ਕੋਰਸ ਛੇਵੀਂ, ਸੱਤਵੀਂ ਜਾਂ ਅੱਠਵੀਂ ਜਮਾਤ ਵਿਚੋਂ ਕਿਸੇ ਇਕ ਵਿਚੋਂ ਵੀ ਸ਼ੁਰੂ ਕਰ ਸਕਦੇ ਹਨ। ਬੋਰਡ ਨੇ ਕਿਹਾ ਹੈ ਕਿ ਹਾਲੇ 12 ਘੰਟੇ ਦੇ ਕੋਰਸ ਤਾਂ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਦਾ ਸੀਨੀਅਰ ਸੈਕੰਡਰੀ ਜਮਾਤਾਂ ਵਿਚ ਵੋਕੇਸ਼ਨਲ ਵਿਸ਼ਾ ਲੈਣ ਦਾ ਆਧਾਰ ਬਣ ਸਕੇ ਤੇ ਉਹ ਹੋਰ ਪੇਸ਼ੇਵਰ ਢੰਗ ਨਾਲ ਵਿਸ਼ਿਆਂ ਨੂੰ ਲੈਣ। ਇਸ ਵੇਲੇ ਸੈਕੰਡਰੀ ਜਮਾਤਾਂ ਵਿਚ 17 ਸਕਿੱਲ ਕੋਰਸ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ 37 ਸਕਿੱਲ ਕੋਰਸ ਪੜ੍ਹਾਏ ਜਾ ਰਹੇ ਹਨ।
ਸੈਕੰਡਰੀ ਜਮਾਤਾਂ ਵਿਚ ਫੇਲ੍ਹ ਹੋਣ ’ਤੇ ਸਕਿੱਲ ਵਿਸ਼ੇ ਦੇ ਅੰਕ ਜੁੜਨਗੇ
ਸੀਬੀਐੱਸਈ ਨੇ ਨਵੀਂ ਸਿੱਖਿਆ ਨੀਤੀ ਤਹਿਤ ਅਹਿਮ ਫੈਸਲਾ ਕੀਤਾ ਹੈ ਕਿ ਸੈਕੰਡਰੀ ਜਮਾਤਾਂ ਵਿਚ ਮੁੱਖ ਵਿਸ਼ੇ ਅੰਗਰੇਜ਼ੀ ਤੇ ਹਿੰਦੀ ਨੂੰ ਛੱਡ ਕੇ ਤਿੰਨ ਇਲੈਕਟਿਵ ਵਿਸ਼ੇ ਵਿਗਿਆਨ, ਗਣਿਤ ਤੇ ਸੋਸ਼ਲ ਸਾਇੰਸ ਸਣੇ ਪੰਜ ਵਿਸ਼ੇ ਹੁੰਦੇ ਹਨ ਪਰ ਹੁਣ ਤੋਂ ਵਿਦਿਆਰਥੀ ਸਕਿੱਲ ਕੋਰਸ ਨੂੰ ਛੇਵੇਂ ਵਿਸ਼ੇ ਵਜੋਂ ਲੈ ਸਕਦੇ ਹਨ। ਜੇ ਕੋਈ ਬੱਚਾ ਇਲੈਕਟਿਵ ਵਿਚ ਫੇਲ੍ਹ ਹੋ ਜਾਂਦਾ ਹੈ ਤਾਂ ਛੇਵੇਂ ਵਿਸ਼ੇ ਸਕਿੱਲ ਕੋਰਸ ਦੇ ਅੰਕ ਪ੍ਰੀਖਿਆ ਦੇ ਨਤੀਜੇ ਵਿਚ ਜੋੜੇ ਜਾ ਸਕਦੇ ਹਨ ਪਰ ਜੇ ਬੱਚਾ ਇਲੈਕਟਿਵ ਵਿਸ਼ਿਆਂ ਵਿਚ ਰੀਅਪੀਅਰ ਦੀ ਸਹੂਲਤ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਵੀ ਖੁੱਲ੍ਹ ਹੋਵੇਗੀ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਲੈਕਟਿਵ ਦੀ ਤਰ੍ਹਾਂ ਸਕਿੱਲ ਕੋਰਸ ਵੀ 100 ਨੰਬਰਾਂ ਦਾ ਹੀ ਹੋਵੇਗਾ।
ਨੌਂ ਵਿੱਚੋਂ ਇਕ ਕੋਰਸ ਚੁਣ ਸਕਦੇ ਹਨ ਵਿਦਿਆਰਥੀ
ਬੋਰਡ ਨੇ ਛੇਵੀਂ ਤੋਂ ਅੱਠਵੀਂ ਜਮਾਤ ਲਈ ਨੌਂ ਕੋਰਸ ਦਰਸਾਏ ਹਨ ਜਿਨ੍ਹਾਂ ਵਿੱਚ ਆਰਟੀਫੀਸ਼ਅਲ ਇੰਟੈਲੀਜੈਂਸ, ਬਿਊਟੀ ਐਂਡ ਵੈੱਲਨੈੱਸ, ਡਿਜ਼ਾਇਨ ਥਿੰਕਿੰਗ, ਫਾਈਨੈਸ਼ੀਅਲ ਲਿਟਰੇਸੀ, ਹੈਂਡੀਕਰਾਫਟ, ਇਨਫਰਮੇਸ਼ਨ ਟੈਕਨਾਲੋਜੀ, ਮਾਰਕੀਟਿੰਗ ਐਂਡ ਕਮਰਸ਼ੀਅਲ ਐਪਲੀਕੇਸ਼ਨਜ਼, ਮਾਸ ਮੀਡੀਆ, ਟਰੈਵਲ ਐਂਡ ਟੂਰਿਜ਼ਮ ਸ਼ਾਮਲ ਹਨ। ਇਨ੍ਹਾਂ ਵਿਚ ਹਰ ਕੋਰਸ ਦੀ ਮਿਆਦ 12-12 ਘੰਟੇ ਹੋਵੇਗੀ ਤੇ ਥਿਊਰੀ ਦੇ 15 ਅੰਕ ਤੇ ਪ੍ਰੈਕਟੀਕਲ ਦੇ 35 ਅੰਕਾਂ ਸਣੇ ਕੁੱਲ 50 ਅੰਕ ਦੀ ਪ੍ਰੀਖਿਆ ਹੋਵੇਗੀ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਨੌਂ ਵਿਸ਼ਿਆਂ ਵਿਚੋਂ ਇਕ ਵਿਸ਼ਾ ਰੱਖਣ ਲਈ ਵਿਦਿਆਰਥੀ ਨੂੰ ਸਹੂਲਤ ਦੇਣ ਤੇ ਇਸ ਬਾਰੇ ਸਿੱਖਿਆ ਵਿਭਾਗ ਨੂੰ ਸੂਚਿਤ ਕਰਨ ਤਾਂ ਕਿ ਉਸ ਹਿਸਾਬ ਨਾਲ ਸਕਿੱਲ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾ ਸਕੇ। ਡਾਇਰੈਕਟਰ (ਸਕੂਲ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕਿੱਲ ਕੋਰਸ ਅਪਰੈਲ ਤੋਂ ਸ਼ੁਰੂ ਕੀਤੇ ਜਾਣਗੇ ਜਿਸ ਸਬੰਧੀ ਸਕੂਲਾਂ ਤੋਂ ਜਾਣਕਾਰੀ ਮੰਗੀ ਗਈ ਹੈ।