ਹਰਜੀਤ ਸਿੰਘ
ਡੇਰਾਬੱਸੀ, 27 ਅਪਰੈਲ
ਇੱਥੋਂ ਦੇ ਡੀਏਵੀ ਸਕੂਲ ਨੇੜੇ ਵਗਦੇ ਬਰਸਾਤੀ ਨਾਲੇ ਦਾ ਬਿਲਡਰ ਵੱਲੋਂ ਰੁਖ਼ ਮੋੜਨ ਦੇ ਮਾਮਲੇ ਵਿੱਚ ਡਰੇਨੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਵੱਲੋਂ ਇਸ ਮਾਮਲੇ ਵਿੱਚ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ ਬਿਲਡਰ ਆਪਣੇ ਪ੍ਰਾਜੈਕਟ ਨੂੰ ਫਾਇਦਾ ਪਹੁੰਚਾਉਣ ਲਈ ਬਰਸਾਤੀ ਨਾਲੇ ਦਾ ਰੁਖ਼ ਮੋੜ ਕੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਲੋਕਾਂ ਨੇ ਇਸ ਨਾਲੇ ਦਾ ਰੁਖ਼ ਪਹਿਲਾਂ ਵਾਂਗ ਬਹਾਲ ਕਰਨ ਦੀ ਮੰਗ ਕੀਤੀ ਹੈ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਨਾਲੇ ਦਾ ਰੁੱਖ ਪਹਿਲਾਂ ਵਾਂਗ ਬਹਾਲ ਕਰਨ ਦਾ ਭਰੋਸਾ ਦਿੱਤਾ। ਲੋਕਾਂ ਵੱਲੋਂ ਇਸ ਸਬੰਧੀ ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ, ਡਰੇਨੇਜ, ਸਿੰਜਾਈ ਅਤੇ ਜਲ ਸਰੋਤ ਵਿਭਾਗ, ਮੁੱਖ ਪ੍ਰਸ਼ਾਸਕ, ਗਮਾਡਾ, ਪੁੱਡਾ ਭਵਨ, ਚੇਅਰਮੈਨ, ਰਾਜ ਵਾਤਾਵਰਨ ਪ੍ਰਭਾਵ ਮੁਲਾਂਕਣ ਅਥਾਰਟੀ, ਡਾਇਰੈਕਟਰ, ਲੋਕਲ ਬਾਡੀਜ਼, ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡੀਸੀ ਮੁਹਾਲੀ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਗਿਆ ਕਿ ਇਸ ਨਾਲੇ ਦੇ ਨਾਲ ਪ੍ਰਾਜੈਕਟ ਸਥਾਪਤ ਕਰ ਰਹੇ ਬਿਲਡਰ ਵੱਲੋਂ ਸ਼ੁਰੂ ਤੋਂ ਹੀ ਇਸ ਦੇ ਰੁਖ਼ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੰਮੇ ਸਮੇਂ ਤੋਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ ਜਿਸ ਮਗਰੋਂ ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜਣੀਆਂ ਪਈ।
ਮੌਕੇ ’ਤੇ ਪਹੁੰਚੇ ਸੁਪਰਡੈਂਟ ਇੰਜ. ਡਰੇਨੇਜ਼ ਵਿਭਾਗ ਮਨੋਜ ਬੰਸਲ ਨੇ ਕਿਹਾ ਕਿ ਨਾਲੇ ਦਾ ਪੁਰਾਣਾ ਰਾਹ ਹੀ ਖੋਲ੍ਹਿਆ ਜਾਵੇਗਾ। ਛੇੜਛਾੜ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਐਕਸੀਅਨ ਡਰੇਨੇਜ਼ ਵਿਭਾਗ ਚੇਤਨ ਖੰਨਾ ਤੇ ਜੇਈ ਹਰਜਿੰਦਰ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ।
ਨਾਜਾਇਜ਼ ਪੁਲੀ ਦੀ ਹੋਵੇਗੀ ਜਾਂਚ
ਡਰੇਨੇਜ ਵਿਭਾਗ ਦੀ ਟੀਮ ਨੂੰ ਜਦੋਂ ਲੋਕਾਂ ਨੇ ਬਿਲਡਰ ਵੱਲੋਂ ਵਗਦੇ ਬਰਸਾਤੀ ਨਾਲੇ ਵਿੱਚ ਇੱਕ ਥਾਂ ’ਤੇ ਪਾਈਪ ਪਾ ਕੇ ਨਾਜਾਇਜ਼ ਪੁਲੀ ਬਣਾਉਣ ਦਾ ਮਾਮਲਾ ਧਿਆਨ ਵਿੱਚ ਲਿਆਉਂਦਾ ਤਾਂ ਅਧਿਕਾਰੀਆਂ ਨੇ ਉਸ ਥਾਂ ਦਾ ਵੀ ਦੌਰਾ ਕੀਤਾ। ਇਸ ਮਾਮਲੇ ਵਿੱਚ ਸੁਪਰਡੈਂਟ ਇੰਜ. ਡਰੇਨੇਜ ਵਿਭਾਗ ਮਨੋਜ ਬੰਸਲ ਨੇ ਕਿਹਾ ਕਿ ਜੇਕਰ ਬਿਨਾਂ ਮਨਜ਼ੂਰੀ ਅਜਿਹਾ ਕੀਤਾ ਗਿਆ ਹੈ ਤਾਂ ਬਿਲਡਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਜਾਵੇਗਾ।