ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੂਨ
ਇੱਥੇ ਅੱਜ ਦਿ ਇਨਰ ਵ੍ਹੀਲ ਕਲੱਬ ਚੰਡੀਗੜ੍ਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸੈਕਟਰ-8 ਚੰਡੀਗੜ੍ਹ ਦੀਆਂ ਵਿਦਿਆਰਥਣਾਂ ਨੂੰ ਕਲੱਬ ਦੇ ਲੋਗੋ ਵਾਲੀਆਂ 25 ਸਾਈਕਲਾਂ ਵੰਡੀਆਂ ਗਈਆਂ।
ਕਲੱਬ ਦੀ ਜ਼ਿਲ੍ਹਾ ਪ੍ਰਧਾਨ ਡਾ. ਵੰਦਨਾ ਨਰੂਲਾ ਅਤੇ ਸਕੱਤਰ ਗੀਤਾ ਜੈਨ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿੱਚ ਕਲੱਬ ਦੀ ਜ਼ਿਲ੍ਹਾ ਚੇਅਰਮੈਨ ਗੁਰਪ੍ਰੀਤ ਕੌਰ ਵੱਲੋਂ ਇਹ ਸਾਈਕਲਾਂ ਵਿਦਿਆਰਥਣਾਂ ਨੂੰ ਵੰਡੀਆਂ ਗਈਆਂ। ਸਾਈਕਲ ਵੰਡਣ ਸਬੰਧੀ ਇਸ ਕੈਂਪ ਦੇ ਕੋਆਰਡੀਨੇਟਰ ਸਕੂਲ ਪ੍ਰਿੰਸੀਪਲ ਸੁਨੀਤਾ ਸਿੰਘ ਸਨ ਅਤੇ ਇਸ ਪ੍ਰੋਗਰਾਮ ਵਿੱਚ ਇਨਰ ਵ੍ਹੀਲ ਕਲੱਬ ਦੇ ਸੀਨੀਅਰ ਮੈਂਬਰ ਤੇ ਕਾਰਜਕਾਰਨੀ ਦੇ ਮੈਂਬਰ ਵੀ ਮੌਜੂਦ ਸਨ। ਸਾਈਕਲਾਂ ਮਿਲਣ ਤੋਂ ਤੁਰੰਤ ਬਾਅਦ ਵਿਦਿਆਰਥਣਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਦੇਖਣ ਨੂੰ ਮਿਲੀ। ਸਾਈਕਲਾਂ ਦੇਣ ਲਈ ਇਨ੍ਹਾਂ ਵਿਦਿਆਰਥਣਾਂ ਦੀ ਚੋਣ ਉਨ੍ਹਾਂ ਦੇ ਵਿੱਤੀ ਹਾਲਾਤ ਅਤੇ ਉਨ੍ਹਾਂ ਵੱਲੋਂ ਸਕੂਲ ਪਹੁੰਚਣ ਲਈ ਕੀਤੇ ਜਾਂਦੇ ਸਫ਼ਰ ਦੀ ਦੂਰੀ ਨੂੰ ਆਧਾਰ ਬਣਾ ਕੇ ਕੀਤੀ ਗਈ।