ਪੱਤਰ ਪ੍ਰੇਰਕ
ਕੁਰਾਲੀ,7 ਨਵੰਬਰ
ਬਲਾਕ ਮਾਜਰੀ ਦੇ ਸਿਆਲਬਾ ਮਾਜਰੀ ਵਿੱਚ ਹੋਏ ਦੋ ਵੱਖ ਵੱਖ ਝਗੜਿਆਂ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਇੱਕ ਮਾਮਲੇ ਸਬੰਧੀ ਪੁਲੀਸ ਨੇ ਪਰਚਾ ਦਰਜ ਕਰ ਲਿਆ ਹੈ ਜਦੋਂਕਿ ਦੂਜੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਿਲੇ ਝਗੜੇ ਸਬੰਧੀ ਗੁਰਮੀਤ ਸਿੰਘ ਨਿਵਾਸੀ ਮਾਜਰੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਪਿੰਡ ਸਿਆਲਬਾ ਨੇੜੇ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਿਰੋਧ ਕਰਨ ਲੱਗਾ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰਾਂ ਨੇ ਉਸ ਦਾ ਇੱਕ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ ਅਤੇ ਉਸ ਨੇ ਆਪਣੇ ਦੂਜੇ ਫੋਨ ਤੋਂ 108 ਨੰਬਰ ’ਤੇ ਫੋਨ ਕਰਕੇ ਐਂਬੂਲੈਂਸ ਬੁਲਾਈ। ਮਾਜਰੀ ਪੁਲੀਸ ਨੇ ਗੁਰਮੀਤ ਸਿੰਘ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜਾ ਝਗੜਾ ਪਿੰਡ ਫਤਿਹਪੁਰ ਸਿਆਲਬਾ ਵਿੱਚ ਪਟਾਕੇ ਚਲਾਉਣ ਤੋਂ ਰੋਕਣ ਨੂੰ ਲੈ ਕੇ ਹੋਇਆ।
ਇਸ ਝਗੜੇ ਸਬੰਧੀ ਪੁਲੀਸ ਨੇ ਕੁੱਟਮਾਰ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਵਿਸ਼ਾਲ ਰਾਠੌਰ ਵਾਸੀ ਫਤਿਹਪੁਰ ਸਿਆਲਬਾ ਨੇ ਦੱਸਿਆ ਕਿ ਉਸ ਦੇ ਘਰ ਕੋਲ ਕੁਝ ਨੌਜਵਾਨ ਪਟਾਕੇ ਚਲਾ ਰਹੇ ਸਨ। ਉਸਨੇ ਕਿਹਾ ਕਿ ਉਸਨੇ ਨੌਜਵਾਨਾਂ ਨੂੰ ਘਰ ਤੋਂ ਕੁਝ ਦੂਰ ਜਾ ਕੇ ਪਟਾਕੇ ਚਲਾਉਣ ਦੀ ਅਪੀਲ ਕੀਤੀ। ਉਸਨੇ ਕਿਹਾ ਕਿ ਇਸ ਤੋਂ ਇਨ੍ਹਾਂ ਨੌਜਵਾਨਾਂ ਨੇ ਬਹਿਸ ਕਰਦਿਆਂ ਉਸ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਸ਼ਾਲ ਰਾਠੌਰ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਰੌਲਾ ਸੁਣ ਕੇ ਜਦੋਂ ਉਸ ਦੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਇਹ ਨੌਜਵਾਨ ਉਥੋਂ ਭੱਜ ਗਏ। ਮਾਜਰੀ ਪੁਲੀਸ ਨੇ ਵਿਸ਼ਾਲ ਰਾਠੌਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪਿੰਡ ਦੇ ਹੀ ਅਭਿਸ਼ੇਖ, ਚੇਤਨ ਅਤੇ ਸੁਨੀਲ ਨਾਮਕ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।