ਪੀ.ਪੀ. ਵਰਮਾ
ਪੰਚਕੂਲਾ, 14 ਅਗਸਤ
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਹਰਿਆਣਾ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਖੁਸ਼ੀ, ਜੋਸ਼ ਅਤੇ ਉਤਸ਼ਾਹਪੂਰਵਕ ਢੰਗ ਨਾਲ ਮਨਾਏ ਜਾਣਗੇ। 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅੰਬਾਲਾ ਕੈਂਟ ਵਿੱਚ ਝੰਡਾ ਲਹਿਰਾਉਣਗੇ ਜਦਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮਾਲਖਾਂ ਵਿੱਚ ਝੰਡਾ ਲਹਿਰਾਉਣਗੇ।
ਅਸੰਧ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ, ਬਹਾਦੁਰਗੜ੍ਹ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਰਾਦੌਰ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਝੰਡਾ ਲਹਿਰਾਉਣਗੇ। ਉੱਥੇ ਸੂਬਾ ਸਰਕਾਰ ਦੇ ਹੋਰ ਮੰਤਰੀ, ਵਿਧਾਇਕ ਅਤੇ ਅਧਿਕਾਰੀ ਵੀ ਨਿਰਧਾਰਤ ਥਾਵਾਂ ’ਤੇ ਕੌਮ ਝੰਡਾ ਚੜ੍ਹਾਉਣਗੇ। ਸੱਤਾ ਧਿਰ ਦੇ ਮੰਤਰੀਆਂ, ਵਿਰੋਧੀ ਧਿਰ ਦੇ ਆਗੂਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਪੂਰੇ ਸੂਬੇ ਵਿੱਚ 75 ਥਾਵਾਂ ’ਤੇ ਕੌਮੀ ਝੰਡਾ ਲਹਿਰਾਇਆ ਜਾਵੇਗਾ। ਮੁੱਖ ਮੰਤਰੀ ਨੇ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਅੱਜ ਆਜ਼ਾਦੀ ਲਈ ਆਪਣੀਆਂ ਜਾਨਾਂ ਦੇਣ ਵਾਲੇ ਮਾਲੂਮ-ਨਾਮੂਲਮ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਨਾਲ ਹੀ ਆਜ਼ਾਦ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨ ਵਾਲੇ ਵੀਰ ਫੌਜੀਆਂ ਨੂੰ ਵੀ ਨਮਨ ਕੀਤਾ।