ਮੁਕੇਸ਼ ਕੁਮਾਰ
ਚੰਡੀਗੜ੍ਹ, 11 ਅਕਤੂਬਰ
ਚੰਡੀਗੜ੍ਹ ਵਾਸੀਆਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਤ ਕਰਨ ਲਈ ਅੱਜ ਇਥੇ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਰੈਲੀ ਨੂੰ ਚੰਡੀਗੜ੍ਹ ਸਮਾਰਟ ਸਿਟੀ ਤੇ ਸੀਈਓ ਅਤੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵੱਲੋਂ ਸ਼ਹਿਰ ਵਿਚ ਸਾਈਕਲ ਚਲਾਉਣ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕਰਨ ਲਈ ਕੀਤੀ ਗਈ ਸਾਈਕਲ ਰੈਲੀ ਅੱਜ ਸਵੇਰੇ ਇਥੋਂ ਦੇ ਸੈਕਟਰ 42 ਸਥਿਤ ਝੀਲ ਤੋਂ ਸ਼ੁਰੂ ਹੋਈ ਅਤੇ ਪੂਰੇ ਸੈਕਟਰ ਦੇ ਲਗਪਗ ਸਾਢੇ ਤਿੰਨ ਕਿਲੋਮੀਟਰ ਦੇ ਰਸਤੇ ਨੂੰ ਕਵਰ ਕੀਤਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਰੈਲੀ ਦਾ ਉਦੇਸ਼ ਲੋਕਾਂ ਨੂੰ ਸਾਈਕਲਿੰਗ ਕਰਨ ਦੇ ਫਾਇਦਿਆਂ ਅਤੇ ‘ਸਾਈਕਲ ਫ਼ਾਰ ਚੇਂਜ’ ਮੁਕਾਬਲਿਆਂ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ‘ਸਾਈਕਲ ਫ਼ਾਰ ਚੇਂਜ’ ਮੁਕਾਬਲਿਆਂ ਲਈ ਸ਼ਹਿਰ ਵਿੱਚ 100 ਸਾਈਕਲਾਂ ਉਪਲਬਧ ਕਰਵਾਉਣ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ 10 ਡੌਕਿੰਗ ਸਟੇਸ਼ਨਾਂ ਦੀ ਇੱਕ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ। ਅੱਜ ਦੀ ਇਸ ਸਾਈਕਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਸਾਈਕਲ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਨਿਗਮ ਅਧਿਕਾਰੀਆਂ ਨੇ ਰੈਲੀ ਵਿੱਚ ਹਿੱਸਾ ਲੈਣ ਆਏ ਲੋਕਾਂ ਨੂੰ ਸਾਈਕਲ ਪ੍ਰਤੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਈਕਲ ਚਲਾਊਣ ਨਾਲ ਜਿਥੇ ਲੋਕ ਤੰਦੁਰੁਸਤ ਰਹਿੰਦੇ ਹਨ ਉਥੇ ਵਾਤਾਵਰਣ ਵੀ ਪ੍ਰਦੂਸ਼ਣ ਤੋਂ ਮੁਕਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸ਼ਹਿਰ ਵਿੱਚ ਸਮਾਰਟ ਬਾਈਕ ਲਾਂਚ ਕੀਤੇ ਜਾ ਰਹੇ ਹਨ ਜਿਸ ਵਿੱਚ ਲੋਕ ਸ਼ਹਿਰ ਦੇ ਅੰਦਰ ਸਮਾਰਟ ਬਾਈਕ ਨੂੰ ਕਿਰਾਏ ਉੱਤੇ ਲੈ ਕੇ ਚਲਾ ਸਕਣਗੇ ਅਤੇ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਨਿਸ਼ਚਿਤ ਕੀਤੇ ਸਥਾਨ ਉੱਤੇ ਜਮ੍ਹਾਂ ਕਰ ਸਕਣਗੇ। ਅੱਜ ਇਸ ਸਾਈਕਲ ਰੈਲੀ ਦੌਰਾਨ ਇਨ੍ਹਾਂ ਸਮਾਰਟ ਬਾਈਕ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਮੋਬਾਇਲ ਉੱਤੇ ਸਮਾਰਟ ਬਾਈਕ ਐਪ ਪਾ ਕੇ ਇਨ੍ਹਾਂ ਸਾਈਕਲਾਂ ਦਾ ਇਸਤੇਮਾਲ ਕਰ ਸਕਣਗੇ। ਇਹ ਯੋਜਨਾ ਇਸ ਮਹੀਨੇ ਤੇ ਅਖੀਰ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਅੱਜ ਦੀ ਰੈਲੀ ਦੇ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ, ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਲਿਮਿਟਡ ਦੇ ਜਨਰਲ ਮੈਨੇਜਰ ਐਨਪੀ ਸ਼ਰਮਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਸ਼ਹਿਰ ਦੀਆਂ ਵੱਖ ਵੱਖ ਰੇਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।