ਚੰਡੀਗੜ੍ਹ: ਸੈਕਟਰ 34 ਸਥਿਤ ਸਪੋਰਟਸ ਕੰਪਲੈਕਸ ਵਿੱਚ ਕੰਧਾਰੀ ਬੈਵਰੇਜਿਸ ਪ੍ਰਾਈਵੇਟ ਲਿਮਟਿਡ ਵੱਲੋਂ ਖੋਲ੍ਹੇ ਗਏ ਨਵੇਂ ਮਿਨੀ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਅੱਜ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਸੈਂਟਰ ਵਿੱਚ ਘੁੰਮ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਤਸੱਲੀ ਪ੍ਰਗਟਾਈ। ਕੰਧਾਰੀ ਬੈਵਰੇਜਿਸ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਵਿਕਰਮ ਕੰਧਾਰੀ ਨੇ ਸਲਾਹਕਾਰ ਨੂੰ ਦੱਸਿਆ ਕਿ 50 ਬੈੱਡਾਂ ਦੀ ਸਮਰੱਥਾ ਵਾਲੇ ਇਸ ਸੈਂਟਰ ਵਿੱਚ ਪੂਰੀ ਯੋਗਤਾਵਾਂ ਵਾਲਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਹਰੇਕ ਬੈੱਡ ਉਤੇ ਆਕਸੀਜਨ ਦੀ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਲਈ ਐਂਬੂਲੈਂਸ ਲਗਾਈ ਗਈ ਹੈ। ਇਸ ਮੌਕੇ ਯੂਟੀ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ, ਡਾ. ਵੀ.ਕੇ. ਨਾਗਪਾਲ, ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ ਜੀ. ਦੀਵਾਨ, ਡਾਇਰੈਕਟਰ ਲੋਕ ਸੰਪਰਕ ਰਾਜੀਵ ਤਿਵਾੜੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ