ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਸਤੰਬਰ
ਇਥੋਂ ਦੇ ਸੈਕਟਰ 44 ਸੀ ਵਿੱਚ ਵਿਕਸਿਤ ਕੀਤੀ ਗਈ ਗ੍ਰੀਨ ਬੈਲਟ (ਪਾਰਕ) ਦਾ ਅੱਜ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਵੱਲੋਂ ਉਦਘਾਟਨ ਕੀਤਾ ਗਿਆ। ਮੇਅਰ ਨੇ ਨਗਰ ਨਿਗਮ ਦੇ ਇੰਜਨੀਅਰਿੰਗ ਵਿਭਾਗ ਅਤੇ ਇਲਾਕਾ ਕੌਂਸਲਰ ਵੱਲੋਂ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਦੀ ਨਿਰੰਤਰ ਪੈਰਵੀ ਕਰਨ ਦੀ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁੰਦਰ ਗਰੀਨ ਬੈਲਟ ਇਲਾਕੇ ਦੇ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਸਮੇਤ ਸਾਰੇ ਲੋਕਾਂ ਲਈ ਲਾਹੇਵੰਦ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗ੍ਰੀਨ ਬੈਲਟ ਦੀ ਸਾਂਭ-ਸੰਭਾਲ ਕਰਨਾ ਜਨਤਾ ਅਤੇ ਨਗਰ ਨਿਗਮ ਦੀ ਬਰਾਬਰ ਜ਼ਿੰਮੇਵਾਰੀ ਹੈ। ਮੇਅਰ ਸ੍ਰੀਮਤੀ ਸਰਬਜੀਤ ਕੌਰ ਨੇ 0.60 ਏਕੜ ਦੇ ਕੁੱਲ ਰਕਬੇ ਵਿੱਚ ਫੈਲੀ ਇਸ ਗ੍ਰੀਨ ਬੈਲਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਇਥੇ ਗ੍ਰੀਨ ਬੈਲਟ ਦੁਆਲੇ ਰੇਲਿੰਗ ਦੇ ਨਾਲ ਨਾਲ ਬੱਚਿਆਂ ਦੇ ਖੇਡਣ ਦਾ ਸਾਮਾਨ, ਲਾਈਟਾਂ, ਫੁੱਟਪਾਥ, ਬੈਂਚ, ਸਜਾਵਟੀ ਰੁੱਖ, ਘਾਹ ਲਗਾਇਆ ਗਿਆ ਹੈ। ਇਸ ਗ੍ਰੀਨ ਬੈਲਟ ਦੇ ਉਦਘਾਟਨ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਡਿਪਟੀ ਮੇਅਰ ਅਨੂਪ ਗੁਪਤਾ, ਇਲਾਕਾ ਕੌਂਸਲਰ ਜਸਮਨਪ੍ਰੀਤ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਪ੍ਰਸ਼ਾਸਕ ਵੱਲੋਂ ਕਮਿਉੂਨਿਟੀ ਸੈਂਟਰ ਦਾ ਉਦਘਾਟਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਕਟਰ-35 ਵਿੱਚ ਕਮਿਉੂਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਮੇਅਰ ਸਰਬਜੀਤ ਕੌਰ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਸਣੇ ਹੋਰ ਰਾਜਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਰਹੇ। ਪ੍ਰਸ਼ਾਸਕ ਨੇ ਦੱਸਿਆ ਕਿ ਇਕ ਏਕੜ ਵਿੱਚ ਤਿਆਰ ਕੀਤੇ ਗਏ ਕਮਿਉਨਿਟੀ ਸੇਂਟਰ ਨੂੰ 4.5 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ 300 ਤੋਂ ਵੱਧ ਵਿਅਕਤੀਆਂ ਦਾ ਇਕੱਠ ਕੀਤਾ ਜਾ ਸਕਦਾ ਹੈ।