ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਸਥਾਨਕ ਪੁਲੀਸ ਨੇ ਸੈਕਟਰ-23 ਏ ਵਿੱਚ ਸਥਿਤ ਕਿਚਨ ਗਾਰਡਨ ਨਰਸਰੀ ’ਚ ਬੀਤੇ ਦਿਨੀਂ ਹੋਈ ਲੁੱਟ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਸ਼ਿਕਾਇਤਕਰਤਾ ਸੁਰੱਖਿਆ ਗਾਰਡ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰੱਖਿਆ ਕਰਮੀ ਸੰਤੋਸ਼ ਕੁਮਾਰ ਵਾਸੀ ਮੁਹਾਲੀ, ਰਣਜੀਤ ਕੁਮਾਰ ਵਾਸੀ ਸੁਲਤਾਨਪੁਰ (ਯੂਪੀ) ਅਤੇ ਸੋਨੂੰ ਵਰਮਾ ਵਾਸੀ ਰੋਹਤਕ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਥਾਣਾ ਸੈਕਟਰ-17 ਦੀ ਪੁਲੀਸ ਨੇ ਕੀਤੀ ਹੈ।
ਸੈਕਟਰ-23 ਏ ਵਿੱਚ ਸਥਿਤ ਕਿਚਨ ਗਾਰਡਨ ਨਰਸਰੀ ਦੇ ਸੁਰੱਖਿਆ ਗਾਰਡ ਸੰਤੋਸ਼ ਕੁਮਾਰ ਨੇ ਚਾਰ ਦਿਨ ਪਹਿਲਾਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕ ਉਸ ਦੀ ਕੁੱਟਮਾਰ ਕਰਨ ਮਗਰੋਂ ਨਰਸਰੀ ਦੇ ਤਾਲੇ ਤੋੜ ਕੇ 19 ਹਜ਼ਾਰ ਰੁਪਏ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਥਾਣਾ ਸੈਕਟਰ-17 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਉਕਤ ਮਾਮਲੇ ਸਬੰਧੀ ਜਾਂਚ ਕਰਦਿਆਂ ਸੁਰੱਖਿਆ ਗਾਰਡ ਸੰਤੋਸ਼ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ। ਉਸ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸੰਤੋਸ਼ ਕੁਮਾਰ ’ਤੇ ਭਰਾ ਦਾ ਵਿਆਹ ਕਰਨ ਕਰ ਕੇ ਕਰਜ਼ਾ ਚੜ੍ਹ ਗਿਆ ਸੀ, ਜਿਸ ਨੂੰ ਲਾਹੁਣ ਲਈ ਉਸ ਨੇ ਉਕਤ ਘਟਨਾ ਦੀ ਯੋਜਨ ਘੜੀ। ਉਸ ਤੋਂ ਬਾਅਦ ਦੋ ਹੋਰਨਾਂ ਸਾਥੀਆਂ ਨੂੰ ਉਸ ਨੇ ਆਪਣੇ ਨਾਲ ਮਿਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਦੱਸਿਆ ਕਿ ਬਾਕੀ ਦੋਵੇਂ ਮੁਲਜ਼ਮ ਚੋਰੀਆਂ ਕਰਨ ਦੇ ਆਦੀ ਹਨ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਚੰਡੀਗੜ੍ਹ ਪੁਲੀਸ ਨੇ ਸੈਕਟਰ-23 ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।