ਸਰਬਜੀਤ ਸਿੰਘ ਭੱਟੀ
ਲਾਲੜੂ, 15 ਜੁਲਾਈ
ਇੱਥੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਦੱਪਰ ਟੌਲ ਪਲਾਜ਼ਾ ਜੋ ਅਕਸਰ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ, ਵਿਖੇ ਲੰਘੀ ਦੇਰ ਰਾਤ ਪਰਚੀ ਕਟਾਉਣ ਨੂੰ ਲੈ ਕੇ ਇਕ ਕਾਰ ਵਿੱਚ ਸਵਾਰ ਕੁੱਝ ਨੌਜਵਾਨ ਅਤੇ ਟੌਲ ਦੇ ਕਰਮਚਾਰੀ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਕਾਫੀ ਕੁੱਟਮਾਰ ਵੀ ਹੋਈ। ਝਗੜੇ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਲੰਘੀ ਰਾਤ ਕੁੱਝ ਸਥਾਨਕ ਨੌਜਵਾਨ ਦੱਪਰ ਟੌਲ ਪਲਾਜ਼ਾ ਤੋਂ ਆਪਣੀ ਗੱਡੀ ਲੰਘਾਉਣ ਲਈ ਪਾਸ ਦਿਖਾ ਰਹੇ ਸਨ। ਇਸੇ ਦੌਰਾਨ ਇਕ ਟੌਲ ਕਰਮਚਾਰੀ ਨੇ ਆ ਕੇ ਕਿਹਾ ਕਿ ਇਹ ਪਾਸ ਨਹੀਂ ਚੱਲਣਾ, ਬਲਕਿ ਉਨ੍ਹਾਂ ਨੂੰ ਪਰਚੀ ਕਟਾਉਣੀ ਪਵੇਗੀ। ਇਸ ’ਤੇ ਨੌਜਵਾਨ ਭੜਕ ਗਏ ਅਤੇ ਦੋਹਾਂ ਧਿਰਾਂ ਵਿਚਾਲੇ ਸ਼ੁਰੂ ਹੋਏ ਬਹਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਵਧ ਗਈ।
ਇਸ ਦੌਰਾਨ ਹੋਈ ਲੜਾਈ ਵਿੱਚ ਇਕ ਨੌਜਵਾਨ ਤੇ ਇਕ ਟੌਲ ਕਰਮਚਾਰੀ ਫੱਟੜ ਹੋ ਗਿਆ। ਕਾਰ ਚਾਲਕ ਨੌਜਵਾਨਾਂ ਨੇ ਕੁੱਝ ਹੋਰ ਨੌਜਵਾਨਾ ਨੁੂੰ ਫੋਨ ਕਰ ਕੇ ਵਾਪਸ ਸੱਦ ਲਿਆ ਅਤੇ ਕਾਫੀ ਦੇਰ ਤੱਕ ਟੌਲ ’ਤੇ ਇਹ ਡਰਾਮਾ ਚੱਲਦਾ ਰਿਹਾ।
ਇਸ ਦੌਰਾਨ ਟੌਲ ਦੇ ਬੈਰੀਕੇਡਾਂ ਨੂੰ ਵੀ ਨੁਕਸਾਨ ਪੁੱਜਿਆ ਅਤੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਹਰ ਪੁਲੀਸ ਚੌਕੀ ਲੈਹਲੀ ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਟੌਲ ਪਲਾਜ਼ਾ ’ਤੇ ਪਾਸ ਦਿਖਾਉਣ ਨੂੰ ਲੈ ਕੇ ਹੋਈ ਤਕਰਾਰ ਤੇ ਲੜਾਈ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਕਾਰ ਚਾਲਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ।
ਟੌਲ ’ਤੇ ਅਕਸਰ ਹੁੰਦੀ ਰਹਿੰਦੀ ਹੈ ਤਕਰਾਰ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੱਪਰ ਟੌਲ ਪਲਾਜ਼ਾ ਦੇ ਕਰਮਚਾਰੀ ਕਈ ਵਾਰ ਵਾਹਨ ਚਾਲਕਾਂ ਨਾਲ ਬਦਸਲੂਕੀ ਤੇ ਹੱਥੋਪਾਈ ਕਰ ਚੁੱਕੇ ਹਨ। ਉਨ੍ਹਾਂ ਖਿਲਾਫ ਟੌਲ ਅਧਿਕਾਰੀਆਂ ਜਾਂ ਪੁਲੀਸ ਨੂੰ ਸ਼ਿਕਾਇਤ ਕਰਨ ’ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਟੌਲ ਕਰਮਚਾਰੀਆਂ ਦੇ ਹੌਸਲੇ ਬੁਲੰਦ ਹਨ। ਟੌਲ ’ਤੇ ਆਏ ਦਿਨ ਇਸ ਤਰ੍ਹਾਂ ਦਾ ਘਟਨਾਕ੍ਰਮ ਹੁੰਦਾ ਰਹਿੰਦਾ ਹੈ। ਕਈ ਵਾਹਨ ਚਾਲਕ ਆਪਣੇ ਪਰਿਵਾਰਾਂ ਨਾਲ ਉਨ੍ਹਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਬਾਕੀ ਵਾਹਨ ਚਾਲਕ ਘੰਟਿਆਂਬੱਧੀ ਖੜ੍ਹੇ ਇੰਤਜ਼ਾਰ ਕਰਦੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਟੌਲ ਮੁਲਾਜ਼ਮਾਂ ਦੇ ਰਵੱਈਏ ਵਿੱਚ ਸੁਧਾਰ ਕੀਤਾ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਨੂੰ ਦਿੱਤੇ ਟੌਲ ਤੋਂ ਛੋਟ ਸਬੰਧੀ ਪਾਸ ’ਤੇ ਛੋਟ ਮਿਲਣੀ ਯਕੀਨੀ ਬਣਾਈ ਜਾਵੇ ਕਿਉਂਕਿ ਟੌਲ ਦੇ ਕਰਮਚਾਰੀ ਇਨ੍ਹਾਂ ਪਾਸਾਂ ’ਤੇ ਛੋਟ ਨਹੀਂ ਦਿੰਦੇ ਹਨ ਅਤੇ ਇਹੀ ਗੱਲ ਝਗੜੇ ਦਾ ਕਾਰਨ ਬਣਦੀ ਹੈ। ਉਨ੍ਹਾਂ ਇਸ ਸਬੰਧੀ ਯੋਗ ਕਾਰਵਾਈ ਕਰਨ ਦੀ ਮੰਗ ਕਵੀ ਕੀਤੀ।
ਮਾਮਲੇ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ: ਟੌਲ ਪ੍ਰਬੰਧਕ
ਉੱਧਰ, ਦੱਪਰ ਟੌਲ ਪਲਾਜ਼ਾ ਦੇ ਪ੍ਰਬੰਧਕ ਦੀਪਕ ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਝਗੜੇ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਵੱਲੋਂ ਲਗਾਏ ਗਏ ਬਦਸਲੂਕੀ ਤੇ ਧੱਕੇਸ਼ਾਹੀ ਸਬੰਧੀ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਲਟਾ ਵਾਹਨ ਚਾਲਕਾਂ ਵੱਲੋਂ ਟੌਲ ਕਰਮਚਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ।