ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਪਰੈਲ
ਚੰਡੀਗੜ੍ਹ ਪੁਲੀਸ ਨੂੰ ਅੱਜ ਇੱਥੇ ਸੈਕਟਰ 22 ਦੀ ਮਾਰਕੀਟ ਵਿੱਚ ਲਾਵਾਰਿਸ ਮਿਲੇ ਅਟੈਚੀ ਨੇ ਭਾਜੜਾਂ ਪਾ ਦਿੱਤੀਆਂ। ਇੱਥੇ ਮਾਰਕੀਟ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੂਰੇ ਦਲਬਲ ਨਾਲ ਪਹੁੰਚੀ ਚੰਡੀਗੜ੍ਹ ਪੁਲੀਸ ਦੀ ਟੀਮ ਨੇ ਜਾਂਚ ਕੀਤੀ। ਮਾਰਕੀਟ ਵਿੱਚ ਬੰਬ ਹੋਣ ਦਾ ਖਦਸ਼ਾ ਹੋਣ ਵਾਲੀ ਅਟੈਚੀ ਦੇ ਜਾਂਚ ਤੋਂ ਬਾਅਦ ਜਦੋਂ ਅਟੈਚੀ ਵਿੱਚ ਕੇਵਲ ਕੁਝ ਕੱਪੜੇ ਮਿਲੇ ਤਾਂ ਪੁਲੀਸ ਨੇ ਸੁਖ ਦਾ ਸਾਹ ਲਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਚੰਡੀਗੜ੍ਹ ਪੁਲੀਸ ਨੂੰ ਇੱਥੇ ਸੈਕਟਰ 22 ਦੀ ਮਾਰਕੀਟ ਵਿੱਚ ਐੱਸਸੀਓ ਨੰਬਰ 1010 ਦੇ ਬਾਹਰ ਲਾਵਾਰਿਸ ਅਟੈਚੀ ਹੋਣ ਦੀ ਸੂਚਨਾ ਮਿਲੀ। ਅਟੈਚੀ ਵਿੱਚ ਬੰਬ ਹੋਣ ਦੇ ਖਦਸ਼ੇ ਤੋਂ ਬਾਰ ਮਾਰਕੀਟ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਦੀ ਟੀਮ ਨੇ ਮਾਰਕੀਟ ਦੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੂੰ ਲਾਵਾਰਿਸ ਅਟੈਚੀ ਵਾਲੀ ਥਾਂ ਤੋਂ ਦੂਰ ਕੀਤਾ ਅਤੇ ਆਪਣੀ ਜਾਂਚ ਕੀਤੀ। ਪੁਲੀਸ ਅਤੇ ਮਾਰਕੀਟ ਦੇ ਦੁਕਾਨਦਾਰਾਂ ਤੇ ਹੋਰ ਲੋਕਾਂ ਨੇ ਅਟੈਚੀ ਦੀ ਜਾਂਚ ਤੋਂ ਬਾਅਦ ਉਸ ਵੇਲੇ ਸੁਖ ਦਾ ਸਾਹ ਲਿਆ ਜਦੋਂ ਪਤਾ ਲੱਗਾ ਕਿ ਅਟੈਚੀ ਵਿੱਚ ਕੋਈ ਬੰਬ ਨਹੀਂ ਸੀ। ਮਾਰਕੀਟ ਵਿੱਚ ਬੰਬ ਹੋਣ ਦੀ ਸੂਚਨਾ ਗਲਤ ਨਿਕਲੀ। ਮਾਰਕੀਟ ਦੇ ਦੁਕਾਨਦਾਰਾਂ ਅਨੁਸਾਰ ਇਥੇ ਮਾਰਕੀਟ ਦੇ ਬਰਾਂਡੇ ਵਿੱਚ ਸ਼ੱਕੀ ਹਾਲਤ ਵਿੱਚ ਇੱਕ ਬੰਦ ਲਾਵਾਰਸ ਅਟੈਚੀ ਰੱਖਿਆ ਮਿਲਿਆ। ਇਸ ਨੂੰ ਲੈਕੇ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਬਾਰੇ ਤੁਰੰਤ ਚੰਡੀਗੜ੍ਹ ਪੁਲੀਸ ਨੂੰ ਸੂਚਨਾ ਦਿੱਤੀ ਗਈ।