ਕੁਲਦੀਪ ਸਿੰਘ
ਚੰਡੀਗੜ੍ਹ, 15 ਜੁਲਾਈ
ਚੰਡੀਗੜ੍ਹ ਵਿੱਚ ਟਰੈਫ਼ਿਕ ਪੁਲੀਸ ਵੱਲੋਂ ਬਿਨਾ ਹੈਲਮਟ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਬੀਬੀਆਂ ਦੇ ਚਲਾਨ ਰੱਦ ਕੀਤੇ ਜਾਣਗੇ। ਇਹ ਭਰੋਸਾ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ ਟਰੈਫਿਕ ਮਨੀਸ਼ਾ ਚੌਧਰੀ ਨੇ ਇਸ ਮੁੱਦੇ ਸਬੰਧੀ ਉਨ੍ਹਾਂ ਨੂੰ ਮਿਲਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਦਿੱਤਾ ਹੈ। ਐੱਸਐੱਸਪੀ ਟਰੈਫਿਕ ਨੇ ਚਲਾਨ ਰੱਦ ਕਰਵਾਉਣ ਸਬੰਧੀ ਵਿਧੀ ਵੀ ਵਫ਼ਦ ਨੂੰ ਸਪੱਸ਼ਟੀ ਕੀਤੀ ਹੈ।
ਮਹਿਲਾਵਾਂ ਨੂੰ ਬਿਨਾ ਹੈਲਮਟ ਦੋਪਹੀਆ ਵਾਹਨ ਚਲਾਉਣ ਸਬੰਧੀ ਚਲਾਨ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਸਿੱਖ ਬੀਬੀਆਂ ਦੇ ਬਿਨਾ ਹੈਲਮਟ ਦੇ ਚਲਾਨ ਕੱਟੇ ਜਾਣ ਦਾ ਮੁੱਦਾ ਐੱਸਐੱਸਪੀ ਟਰੈਫਿਕ ਮਨੀਸ਼ਾ ਚੌਧਰੀ ਕੋਲ ਉਠਾਇਆ। ਇਸ ਦੌਰਾਨ ਐੱਸਐੱਸਪੀ ਟਰੈਫਿਕ ਨੇ ਸਿੱਖ ਬੀਬੀਆਂ ਦੇ ਚਲਾਨ ਰੱਦ ਕਰਨ ਦਾ ਭਰੋਸਾ ਦਿੱਤਾ ਤੇ ਚਲਾਨ ਰੱਦ ਕਰਵਾਉਣ ਦੀ ਵਿਧੀ ਵੀ ਦੱਸੀ। ਸ੍ਰੀ ਬੁਟੇਰਲਾ ਦੀ ਅਗਵਾਈ ਹੇਠ ਐੱਸਐੱਸਪੀ ਟਰੈਫਿਕ ਨੂੰ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਿੱਚ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਵਿੱਲੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਅਤੇ ਕ੍ਰਿਸ਼ਨਾ ਮਾਰਕੀਟ ਸੈਕਟਰ-41 ਦੇ ਪ੍ਰਧਾਨ ਕਾਕਾ ਸਿੰਘ ਵੀ ਸ਼ਾਮਲ ਸਨ। ਇਸ ਸਬੰਧੀ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਵਫ਼ਦ ਨੇ ਐੱਸਐੱਸਪੀ ਦੇ ਧਿਆਨ ਵਿੱਚ ਲਿਆਂਦਾ ਕਿ ਕੁਝ ਸਮਾਂ ਪਹਿਲਾਂ ਵੀ ਸਿੱਖ ਬੀਬੀਆਂ ਲਈ ਲਾਜ਼ਮੀ ਕੀਤੇ ‘ਲੋਅ ਟੋਪ’ ਰੂਪੀ ਹੈਲਮਟ ਦਾ ਉਨ੍ਹਾਂ ਵਿਰੋਧ ਕੀਤਾ ਸੀ, ਜਿਸ ਕਰ ਕੇ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦੇ ਦਿੱਤੀ ਸੀ ਪ੍ਰੰਤੂ ਹੁਣ ਫਿਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਸ੍ਰੀ ਬੁਟੇਰਲਾ ਨੇ ਦੱਸਿਆ ਕਿ ਐੱਸਐੱਸਪੀ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਜੇਕਰ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਬੀਬੀਆਂ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਉਹ ਚਲਾਨ ਲੈ ਕੇ ਆਪਣੇ ਸਿੱਖ ਕੌਮ ਨਾਲ ਸਬੰਧਤ ਹੋਣ (ਨਾਮ ਦੇ ਨਾਲ ‘ਕੌਰ’ ਲੱਗਿਆ ਹੋਣਾ ਲਾਜ਼ਮੀ) ਦੇ ਦਸਤਾਵੇਜ਼ੀ ਸਬੂਤ ਚੰਡੀਗੜ੍ਹ ਟਰੈਫਿਕ ਪੁਲੀਸ ਦੀ ਈਮੇਲ ‘psspst@chd.nic.in’ ਉੱਤੇ ਅਪਲੋਡ ਕਰ ਕੇ ਆਪਣੀ ਪ੍ਰਤੀਬੇਨਤੀ ਭੇਜਣ। ਈਮੇਲ ਉੱਤੇ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਨੂੰ ਸਵੀਕਾਰ ਕਰਦਿਆਂ ਟਰੈਫਿਕ ਪੁਲੀਸ ਵੱਲੋਂ ਜਾਂਚ ਪੂਰੀ ਕਰਨ ਉਪਰੰਤ ਸਿੱਖ ਬੀਬੀਆਂ ਦੇ ਚਲਾਨ ਰੱਦ ਕਰ ਦਿੱਤੇ ਜਾਣਗੇ।