ਹਰਜੀਤ ਸਿੰਘ
ਜ਼ੀਰਕਪੁਰ, 2 ਨਵੰਬਰ
ਪੁਲੀਸ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਇੱਥੋਂ ਦੀ ਵੀਆਈਪੀ ਰੋਡ ਤੋਂ ਨਾਜਾਇਜ਼ ਤੌਰ ’ਤੇ ਖੜ੍ਹੀਆਂ ਰੇਹੜੀਆਂ-ਫੜ੍ਹੀਆਂ ਹਟਾਉਣ ਦੇ ਕੁਝ ਦਿਨ ਮਗਰੋਂ ਹੀ ਇਸ ਸੜਕ ’ਤੇ ਮੁੜ ਤੋਂ ਰੇਹੜੀ, ਫੜ੍ਹੀ ਵਾਲੇ ਸਰਗਰਮ ਹੋ ਗਏ ਹਨ। ਵੀਆਈਪੀ ਰੋਡ ’ਤੇ ਕਰਵਾ ਚੌਥ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਮਾਰਕੀਟਾਂ ਦੀ ਪਾਰਕਿੰਗ ਵਿੱਚ ਦੁਕਾਨਦਾਰਾਂ ਵੱਲੋਂ ਨਾਜਾਇਜ਼ ਤੌਰ ’ਤੇ ਸਟਾਲ ਸਜਾ ਲਏ ਹਨ। ਦੂਜੇ ਪਾਸੇ, ਪੁਲੀਸ ਵੱਲੋਂ ਇਥੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਲੰਘੇ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜੋ ਹੁਣ ਠੁਸ ਹੁੰਦੀ ਜਾਪ ਰਹੀ ਹੈ। ਪੁਲੀਸ ਹੁਣ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੇ ਸਿਰ ਮੜ੍ਹ ਰਹੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੀ ਵੀਆਈਪੀ ਰੋਡ ’ਤੇ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸੜਕ ’ਤੇ ਲੱਗਣ ਵਾਲੀਆਂ ਰੇਹੜੀਆਂ ਅਤੇ ਫੜ੍ਹੀਆਂ ’ਤੇ ਕਥਿਤ ਨਾਜਾਇਜ਼ ਤੌਰ ‘ਤੇ ਸ਼ਰਾਬ ਪਿਲਾਈ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਹਰ ਵੇਲੇ ਨੌਜਵਾਨ ਗੱਡੀਆਂ ਲੈ ਕੇ ਘੁੰਮਦੇ ਰਹਿੰਦੇ ਹਨ। ਲੰਘੇ ਦਿਨੀਂ ਇਸ ਸੜਕ ’ਤੇ ਗੱਡੀਆਂ ਨੂੰ ਓਵਰਟੇਕ ਕਰਨ ਦੀ ਮਾਮੂਲੀ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਹੋਈ ਖ਼ੂਨੀ ਝੜਪ ਦੌਰਾਨ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ।
ਇੱਥੇ ਵਧ ਰਹੇ ਅਪਰਾਧ ’ਤੇ ਕਾਬੂ ਪਾਉਣ ਲਈ ਨਵ-ਨਿਯੁਕਤ ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਇੱਥੇ ਨਾਜਾਇਜ਼ ਤੌਰ ’ਤੇ ਲੱਗਣ ਵਾਲੀਆਂ ਰੇਹੜੀਆਂ-ਫੜ੍ਹੀਆਂ ਨੂੰ ਬੰਦ ਕਰਵਾਉਣ ਤੋਂ ਇਲਾਵਾ ਪੁਲੀਸ ਵੱਲੋਂ ਇੱਥੇ ਗਸ਼ਤ ਸ਼ੁਰੂ ਕੀਤੀ ਗਈ ਸੀ। ਪੁਲੀਸ ਵੱਲੋਂ ਇੱਥੇ ਘੁੰਮਣ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤੀ ਵਰਤੀ ਗਈ ਅਤੇ ਸੜਕਾਂ ’ਤੇ ਵਾਹਨ ਖੜ੍ਹੇ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ ਸਨ। ਕੱਲ੍ਹ ਮੁੜ ਤੋਂ ਵੀਆਈਪੀ ਰੋਡ ’ਤੇ ਰੇਹੜੀਆਂ-ਫੜ੍ਹੀਆਂ ਅਤੇ ਸਟਾਲ ਵਾਲਿਆਂ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ। ਇਸ ਪਿੱਛੇ ਨਗਰ ਕੌਂਸਲ ਟੀਮ ਦਾ ਪੁਲੀਸ ਨੂੰ ਸਹਿਯੋਗ ਨਾ ਕਰਨਾ ਦੱਸਿਆ ਜਾ ਰਿਹਾ ਹੈ।
ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਵਿੱਚ ਸਟਾਲ ਲਾਉਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜੇ ਸੜਕਾਂ ’ਤੇ ਗੱਡੀ ਖੜ੍ਹੀ ਮਿਲੀ ਤਾਂ ਚਲਾਨ ਕੀਤਾ ਜਾਵੇਗਾ।