ਸ਼ਸ਼ੀ ਪਾਲ ਜੈਨ
ਖਰੜ, 13 ਜੂਨ
ਖਰੜ ਸਬ-ਡਵੀਜ਼ਨ ਅਧੀਨ ਪੈਂਦੇ ਮਾਜਰੀ ਬਲਾਕ ਦੇ ਪਿੰਡ ਅਲੀਪੁਰ ਦੇ ਵਸਨੀਕ ਰਾਮ ਸਿੰਘ, ਸੋਢੀ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਆਦਿ ਨੇ ਕੱਲ੍ਹ ਖਰੜ ਦੇ ਐੱਸਡੀਐੱਮ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਕਿ ਭੂ-ਮਾਫ਼ੀਆ ਦੇ ਵਿਅਕਤੀਆਂ ਵੱਲੋਂ ਰਾਮ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਊਨ੍ਹਾਂ ਕਿਹਾ ਕਿ ਇਸ ਭੂ-ਮਾਫੀਆ ਵੱਲੋਂ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ 11 ਜੂਨ ਦੀ ਰਾਤ ਨੂੰ 10 ਵਜੇ ਮਾਈਨਿੰਗ ਵਿਭਾਗ ਦੇ ਜੇਈ ਗੁਰਜੀਤ ਸਿੰਘ ਨੇ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਦੋ ਟਿੱਪਰ ਫੜੇ ਸਨ ਅਤੇ ਬਾਕੀ ਦੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਨ੍ਹਾਂ ਟਿੱਪਰਾਂ ਕੋਲ ਕੋਈ ਦਸਤਾਵੇਜ਼ ਨਹੀਂ ਸੀ। ਉਸੇ ਸਮੇਂ ਉੱਥੇ ਚੱਲਦੇ ਨਾਜਾਇਜ਼ ਕਰੱਸ਼ਰ ਵੀ ਜੇਈ ਗੁਰਜੀਤ ਸਿੰਘ ਨੂੰ ਦਿਖਾਏ ਗਏ।
ਇਸੇ ਮੌਕੇ ਪੁਲੀਸ ਨੂੰ ਬੁਲਾ ਕੇ ਨਾਜਾਇਜ਼ ਮਾਈਨਿੰਗ ਦੇ ਭਰੇ ਹੋਏ ਦੋਵੇਂ ਟਿੱਪਰ ਪੁਲੀਸ ਦੇ ਹਵਾਲੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਰਾਮ ਸਿੰਘ ਆਪਣੇ ਸਾਥੀਆਂ ਸਮੇਤ ਵਾਪਸ ਘਰ ਜਾ ਰਿਹਾ ਸੀ ਤਾਂ ਭੂ-ਮਾਫੀਆ ਨਾਲ ਸੰਬਧਿਤ ਵਿਅਕਤੀ, ਜੋ ਤਿੰਨ ਗੱਡੀਆਂ ਵਿੱਚ ਆਏ ਸਨ, ਨੇ ਉਸ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਮ ਸਿੰਘ ਨੇ ਆਪਣੇ ਸਾਥੀਆਂ ਅਤੇ ਗੰਨਮੈਨ ਨਾਲ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਮੰਗ ਕੀਤੀ ਹੈ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਿਕਾਇਤਕਰਤਾਵਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ। ਐੱਸ.ਡੀ.ਐਮ ਨੇ ਮਾਮਲੇ ਸਬੰਧੀ ਯੋਗ ਕਾਰਵਾਈ ਦਾ ਭਰੋਸਾ ਦਿੱਤਾ।