ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 16 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਨਾਲ ਇਕ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕਿਸੇ ਰੇਲ ਦਾ ਇੰਜਣ ਅਤੇ ਮੰਤਰੀ ਤੇ ਵਿਧਾਇਕ ਉਸ ਦੇ ਡੱਬੇ ਹੁੰਦੇ ਹਨ ਅਤੇ ਜੇਕਰ ਇੰਜਣ ਵਧੀਆ ਨਾ ਹੋਵੇ ਤਾਂ ਰੇਲ ਪਟੜੀ ’ਤੇ ਹੀ ਖੜ੍ਹੀ ਰਹਿੰਦੀ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਰੇਲ ਦਾ ਇੰਜਣ ਸੀ ਅਤੇ ਪੰਜ ਸਾਲ ਰੇਲ ਪਟੜੀ ’ਤੇ ਹੀ ਖੜ੍ਹੀ ਰਹੀ। ਇਸ ਮੌਕੇ ਮੁਹਾਲੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਪਰਦੀਪ ਸਿੰਘ ਭਾਰਜ ਤੇ ਕੈਪਟਨ ਰਮਨਦੀਪ ਸਿੰਘ ਬਾਵਾ ਵੀ ਨਾਲ ਸਨ।
ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਸਨਅਤਕਾਰਾਂ ਨੂੰ ਸੋਲਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਨਅਤਕਾਰ ਮਿਲ ਕੇ ਪੰਜਾਬ ਵਿੱਚ ਕਿਸੇ ਵੀ ਥਾਂ ਸਸਤੀ ਜ਼ਮੀਨ ਉੱਤੇ ਪਲਾਂਟ ਲਗਾ ਸਕਦੇ ਹਨ ਅਤੇ ਪਾਵਰ ਨੂੰ ਇੱਥੇ ਟਰਾਂਸਫ਼ਰ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਇਸ ਨਾਲ ਸਨਅਤਕਾਰਾਂ ਨੂੰ ਬਿਜਲੀ ਸਸਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਸਨਅਤਾਂ ਤੋਂ ਬਿਨਾ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ ਅਤੇ ਉਨ੍ਹਾਂ ਦੀ ਇਹ ਸੋਚ ਹੈ ਕਿ ਸਰਕਾਰ ਆਉਣ ’ਤੇ ਉਹ ਮੁਹਾਲੀ ਵਿੱਚ 300 ਏਕੜ ਜ਼ਮੀਨ ’ਚ ਪ੍ਰਦਰਸ਼ਨਕੀ ਕੇਂਦਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਇਲਾਵਾ ਅਜਿਹਾ ਕੋਈ ਪ੍ਰਦਰਸ਼ਨੀ ਕੇਂਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੱਧੂ ਅਤੇ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਵੋਟਾਂ ਪਾਉਣੀਆਂ ਫ਼ਜ਼ੂਲ ਹਨ। ਉਨ੍ਹਾਂ ਸਮੂਹ ਸਨਅਤਕਾਰਾਂ ਨੂੰ ਪਰਵਿੰਦਰ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਚੰਗੀ ਸਰਕਾਰ ਬਣੇਗੀ ਤਾਂ ਸਨਅਤਾਂ ਵੀ ਪ੍ਰਫੁੱਲਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ‘ਇਨਵੈਸਟ ਪੰਜਾਬ’ ਪ੍ਰਾਜੈਕਟ ਲਿਆਂਦਾ ਅਤੇ ਇਕ ਮਹੀਨੇ ਵਿੱਚ ਹਰ ਤਰ੍ਹਾਂ ਦੀ ਕਲੀਅਰੈਂਸ ਮਿਲਦੀ ਸੀ ਪਰ ਕਾਂਗਰਸ ਨੇ ਇਹ ਸੁਵਿਧਾ ਬੰਦ ਕਰ ਦਿੱਤੀ। ਇਹੀ ਨਹੀਂ ਸੇਵਾ ਕੇਂਦਰਾਂ ਨੂੰ ਤਾਲੇ ਲਗਾ ਦਿੱਤੇ।
ਸ੍ਰੀ ਬਾਦਲ ਨੇ ਸਨਅਤਕਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਸਬੰਧ ਹੋਵੇ ਪਰ ਮੁੱਖ ਮੰਤਰੀ ਉਸ ਨੂੰ ਚੁਣੋ ਜਿਸ ’ਤੇ ਉਹ ਭਰੋਸਾ ਕਰ ਸਕਦੇ ਹੋਣ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੈਨੇਜਰ ਰੱਖਣ ਵੇਲੇ ਵੀ ਉਸ ਦਾ ਤਜ਼ਰਬਾ ਅਤੇ ਭਰੋਸੇਯੋਗਤਾ ਦੇਖੀ ਜਾਂਦੀ ਹੈ ਕਿਉਂਕਿ ਇਕ ਚੰਗਾ ਬੰਦਾ ਕਿਸੇ ਮਾੜੀ ਕੰਪਨੀ ਨੂੰ ਵੀ ਅੱਗੇ ਲੈ ਜਾਂਦਾ ਹੈ ਜਦੋਂਕਿ ਇਕ ਮਾੜਾ ਬੰਦਾ ਚੰਗੀ ਕੰਪਨੀ ਨੂੰ ਵੀ ਡੁਬੋ ਦੇ ਰੱਖ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਲਕੇ ਵਿੱਚ ਵੋਟ ਅਜਿਹੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਜੋ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਰੱਖਦਾ ਹੋਵੇ। ਇਸ ਤੋਂ ਪਹਿਲਾਂ ਸਨਅਤਕਾਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ।