ਸ਼ਸ਼ੀ ਪਾਲ ਜੈਨ
ਖਰੜ, 10 ਜੁਲਾਈ
ਮੁੰਡੀ ਖਰੜ ਵਿੱਚ ਨਿੱਝਰ ਰੋਡ ’ਤੇ ਸਥਿਤ ਓਮ ਐਨਕਲੇਵ ਦੇ 100 ਘਰਾਂ ਵਿੱਚ ਕੱਲ੍ਹ ਪਏ ਭਾਰੀ ਮੀਂਹ ਕਾਰਨ ਬਰਸਾਤੀ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਉੱਥੋਂ ਦੇ ਵਸਨੀਕ ਨਾ ਘਰਾਂ ਦੇ ਅੰਦਰ ਰਹਿ ਸਕੇ ਅਤੇ ਨਾ ਹੀ ਬਾਹਰ ਨਿਕਲ ਸਕੇ। ਜਾਣਕਾਰੀ ਅਨੁਸਾਰ ਓਮ ਐਨਕਲੇਵ ਦੇ ਪਿਛਲੇ ਪਾਸੇ ਇੱਕ ਟੋਭਾ ਹੈ ਜਿਸ ਵਿੱਚ ਦੇਸੂਮਾਜਰਾ ਪਾਸਿਓਂ ਸਾਰਾ ਪਾਣੀ ਆਉਂਦਾ ਹੈ।
ਅੱਜ ਵੱਡੀ ਮਾਤਰਾ ਵਿੱਚ ਐਨਕਲੇਵ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਉੱਥੇ ਬਣੀ ਹੋਈ ਕੰਧ ਡਿੱਗ ਗਈ ਜਿਸ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਪਾਣੀ ਐਨਾ ਜ਼ਿਆਦਾ ਸੀ ਕਿ ਲੋਕਾਂ ਦੀਆਂ ਕਾਰਾਂ ਵੀ ਡੁੱਬ ਗਈਆਂ। ਇੱਥੋਂ ਦੇ ਵਸਨੀਕ ਦਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਪਰਿਵਾਰਾਂ ਨੇ ਗੁਰਦੁਆਰਾ ਗੁਰਮਤਿ ਪ੍ਰਸਾਰ ਭਵਨ ਵਿਖੇ ਜਾ ਕੇ ਸ਼ਰਨ ਲਈ। ਇਸ ਦੌਰਾਨ ਖਰੜ ਦੇ ਐੱਸਡੀਐੱਮ ਰਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਮਿਉਂਸਿਪਲ ਇੰਜਨੀਅਰ ਵਿਨੇ ਮਹਾਜਨ ਨੇ ਉੱਥੋਂ ਦਾ ਦੌਰਾ ਕੀਤਾ ਅਤੇ ਪਾਣੀ ਕੱਢਣ ਲਈ ਇੰਜਣ ਅਤੇ ਫਾਇਰ ਟੈਂਡਰ ਲਾਏ ਗਏ। ਲੋਕਾਂ ਨੇ ਮੰਗ ਕੀਤੀ ਕਿ ਸੁਸਾਇਟੀ ਵਿੱਚੋਂ ਪਾਣੀ ਬਾਹਰ ਕੱਢਣ ਦਾ ਉਚਿਤ ਪ੍ਰਬੰਧ ਕੀਤਾ ਜਾਵੇ।
ਪੰਚਕੂਲਾ (ਪੀ ਪੀ ਵਰਮਾ): ਅੱਜ ਸਵੇਰੇ ਹੋਈ ਭਾਰੀ ਬਰਸਾਤ ਨੇ ਦਿਨ ਚੜ੍ਹਦੇ ਹੀ ਪੰਚਕੂਲਾ ’ਚ ਜਲ-ਥਲ ਕਰ ਦਿੱਤਾ। ਸੈਕਟਰ 20 ਦੀ ਹਾਊਸਿੰਗ ਸੁਸਾਇਟੀ 105 ਦੇ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਗਿਆ। ਇਸੇ ਤਰ੍ਹਾਂ ਸੈਕਟਰ-19 ਜਿੱਥੇ ਰੇਲਵੇ ਅੰਡਰਪਾਥ ਬਣ ਰਿਹਾ ਹੈ, ਉੱਥੇ ਵੀ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਹੋ ਗਿਆ। ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਕਈ ਥਾਵਾਂ ’ਤੇ ਪਾਣੀ ਵੜ ਗਿਆ। ਤਵਾ ਚੌਕ, ਸ਼ਕਤੀ ਭਵਨ ਚੌਕ, ਲੇਬਰ ਚੌਕ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਦੇ ਵਾਹਨ ਖੜ੍ਹ ਗਏ। ਪੰਚਕੂਲਾ ਦਾ ਘੱਗਰ ਦਰਿਆ, ਸੀਸਵਾਂ ਨਦੀ, ਕੁਸ਼ੱਲਿਆ ਨਦੀ ਅਤੇ ਟਾਂਗਰੀ ਨਦੀ ਵਿੱਚ ਪਾਣੀ ਚੜ੍ਹਿਆ ਰਿਹਾ। ਪੁਲੀਸ ਨੇ ਨਦੀਆਂ ਕਿਨਾਰੇ ਜਾਣ ਤੋਂ ਰੋਕਣ ਲਈ ਧਾਰਾ 144 ਲਾਈ ਹੋਈ ਹੈ।
ਮੋਰਿੰਡਾ: ਰੇਲਵੇ ਅੰਡਰਬ੍ਰਿਜ ਵਿੱਚ ਮੁੜ ਭਰਿਆ ਮੀਂਹ ਦਾ ਪਾਣੀ
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਸ਼ਹਿਰ ਵਿੱਚ ਨਵੀਨੀਕਰਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਮੀਂਹ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਨਵੇਂ ਬਣੇ ਰੇਲਵੇ ਅੰਡਰਬ੍ਰਿਜ ਵਿੱਚ ਮੁੜ ਤੋਂ ਮੀਂਹ ਦਾ ਪਾਣੀ ਕਾਬਜ਼ ਹੋ ਗਿਆ ਜਿਸ ਕਾਰਨ ਇਸ ਪਾਸਿਓਂ ਆਵਾਜਾਈ ਬਿਲਕੁਲ ਠੱਪ ਹੋ ਗਈ ਅਤੇ ਕਈ ਫੁੱਟ ਖੜ੍ਹੇ ਡੂੰਘੇ ਪਾਣੀ ਵਿੱਚ ਇੱਕ ਬੱਸ ਵੀ ਫਸ ਗਈ। ਸ਼ਹਿਰ ਦੇ ਹਰ ਵਾਰਡ ਵਿੱਚ ਚਿੱਕੜ ਹੀ ਚਿੱਕੜ ਹੈ ਜਿਸ ਕਾਰਨ ਲੋਕ ਆਪੋ-ਆਪਣੇ ਘਰਾਂ ਵਿੱਚ ਹੀ ਬੰਦ ਹੋ ਕੇ ਰਹਿ ਗਏ ਹਨ। ਸਬੰਧਤ ਠੇਕੇਦਾਰਾਂ ਵੱਲੋਂ ਬਣਾਈਆਂ ਗਈਆਂ ਸੜਕਾਂ ਦਾ ਲੈਵਲ ਸਹੀ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ ਦਾ ਪਾਣੀ ਬਾਜ਼ਾਰਾਂ ਦੀਆਂ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ ਜਿਸ ਨੂੰ ਬਾਹਰ ਕੱਢਣ ਲਈ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਬਾਜ਼ਾਰ ਵਿੱਚ ਚਿੱਕੜ ਹੋਣ ਕਾਰਨ ਕਾਰਾਂ ਗੱਡੀਆਂ ਇਸ ’ਚ ਫਸ ਗਈਆਂ ਜਿਨ੍ਹਾਂ ਨੂੰ ਟੋਚਨ ਪਾ ਕੇ ਦੂਜੀਆਂ ਗੱਡੀਆਂ ਰਾਹੀਂ ਬਾਹਰ ਕੱਢਿਆ ਗਿਆ। ਕਾਇਨੌਰ ਬਾਜ਼ਾਰ ਤੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੱਕ ਜਾਣ ਵਾਲੀ ਸ਼ਹਿਰ ਦੀ ਖ਼ਾਲਸਾ ਕਾਲਜ ਵਾਲੀ ਸੜਕ ਉੱਪਰ ਸਵੇਰੇ 2 -3 ਫੁੱਟ ਪਾਣੀ ਘੁੰਮ ਰਿਹਾ ਸੀ। ਇਹੀ ਹਾਲ ਸ਼ਹਿਰ ਦੀ ਪੁਰਾਣੀ ਬਸੀ ਰੋਡ ਦਾ ਹੈ ਜਿੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਹਰ ਸਮੇਂ ਪਾਣੀ ਜਮ੍ਹਾਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਸਮੱਸਿਆ ਸਬੰਧੀ ਉਹ ਕਈ ਵਾਰੀ ਨਗਰਪਾਲਿਕਾ ਦੇ ਦਫ਼ਤਰ ਦਰਖਾਸਤ ਦੇ ਕੇ ਆਏ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਫਰਿਆਦ ਨਹੀਂ ਸੁਣੀ।