ਪੱਤਰ ਪ੍ਰੇਰਕ
ਲਾਲੜੂ, 26 ਸਤੰਬਰ
ਪਿਛਲੇ ਚਾਰ ਦਿਨਾਂ ਤੋਂ ਪਈ ਬੇਮੌਸਮੀ ਅਤੇ ਤੇਜ਼ ਬਰਸਾਤ ਨੇ ਇਲਾਕੇ ਦੇ ਕਿਸਾਨਾਂ ਨੂੰ ਇਕ ਤਰ੍ਹਾਂ ਨਾਲ ਬਰਬਾਦ ਕਰਕੇ ਰੱਖ ਦਿੱਤਾ ਹੈ। ਬਰਸਾਤ ਦੇ ਕਾਰਨ ਜਿਥੇ ਸੈਂਕੜੇ ਏਕੜ ਝੋਨੇ ਦੀ ਫਸਲ ਖੇਤਾਂ ਵਿੱਚ ਖਰਾਬ ਹੋ ਗਈ ਹੈ, ਉਸ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਅਨੇਕਾ ਸਮੱਸਿਆਵਾਂ ਨੇ ਘੇਰ ਲਿਆ ਹੈ। ਪਾਣੀ ਵਿੱਚ ਪਈ ਝੋਨੇ ਦੀ ਫਸਲ ਦੀ ਕਟਾਈ ਅਤੇ ਅਗਲੀ ਫਸਲ ਦੀ ਬਿਜਾਈ ਵੀ ਕਿਸਾਨਾਂ ਲਈ ਇਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ’ਤੇ ਆਏ ਇਸ ਵੱਡੇ ਸੰਕਟ ਨੁੂੰ ਵੇਖਦੇ ਹੋਏ ਉਨਾਂ ਦੀ ਫਸਲ ਦਾ ਜਾਇਜ਼ਾ ਲੈ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਜੌਲਾ, ਸਾਬਕਾ ਸਰਪੰਚ ਰਣਜੀਤ ਸਿੰਘ ਧਰਮਗੜ੍ਹ, ਸੀਨੀਅਰ ਮੀਤ ਪ੍ਰਧਾਨ ਗੁਰਭਜਨ ਸਿੰਘ ਸੈਣੀ, ਜਸਵਿੰਦਰ ਸਿੰਘ ਬਡਾਣਾ, ਕਰਨੈਲ ਸਿੰਘ ਜੌਲਾ, ਧਰਵਿੰਦਰ ਸਿੰਘ ਸਮੇਤ ਕਈ ਆਗੂਆਂ ਨੇ ਦੱਸਿਆ ਕਿ ਪਿਛਲੇ ਲਗਾਤਾਰ ਚਾਰ ਦਿਨ ਹੋਈ ਬਰਸਾਤ ਦੇ ਕਾਰਨ ਖੇਤਾਂ ਵਿੱਚ ਖੜ੍ਹੀ-ਖੜ੍ਹੀ ਝੋਨੇ ਦੀ ਫਸਲ ਪੁੰਗਰਨੀ ਸ਼ੁਰੂ ਹੋ ਗਈ ਹੈ। ਜਿਸ ਦੇ ਨਾਲ ਵੱਡੇ ਪੱਧਰ ’ਤੇ ਕਿਸਾਨਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਵੱਡੇ ਰਕਬੇ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨ ਛੋਟੀਆਂ ਮੋਟਰਾਂ ਤੇ ਇੰਜਣਾ ਰਾਹੀਂ ਪਾਣੀ ਕੱਢ ਰਹੇ ਹਨ ਤਾਂ ਜੋ ਧਰਤੀ ਨੂੰ ਹਵਾ ਲੱਗ ਸਕੇ ਅਤੇ ਫਸਲ ਦੀ ਕਟਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਗੰਨੇ ਦੀ ਫਸਲ ਵੀ ਡਿੱਗ ਕੇ ਖਰਾਬ ਹੋ ਰਹੀ ਹੈ। ਕਿਸਾਨਾ ਨੂੰ ਆਉਣ ਵਾਲੀ ਹਾੜ੍ਹੀ ਦੀ ਫਸਲ ਦੀ ਵੀ ਚਿੰਤਾ ਸਤਾ ਰਹੀ ਹੈ ਕਿ ਪਿਛਲੀ ਫਸਲ ਦੀ ਬਰਬਾਦੀ ਤੋਂ ਬਾਅਦ ਅਗਲੀ ਫਸਲ ਦੀ ਬਿਜਾਈ ਵੀ ਮੁਸ਼ਕਿਲ ਹੋ ਗਈ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀ ਆਰਥਿਤ ਮਦਦ ਦਾ ਐਲਾਨ ਕਰੇ ਤਾਂ ਜੋ ਕਿਸਾਨੀ ਨੂੰ ਕਿਸੇ ਤਰ੍ਹਾਂ ਇਸ ਸਮੱਸਿਆ ਤੋਂ ਬਚਾਇਆ ਜਾ ਸਕੇ।