ਮੁਕੇਸ਼ ਕੁਮਾਰ
ਚੰਡੀਗੜ੍ਹ, 5 ਮਈ
ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਅਲਾਟ ਕੀਤੇ ਗਏ ਛੋਟੇ ਫਲੈਟਾਂ ਦੇ ਵਾਸੀਆਂ ਵੱਲੋਂ ਬੋਰਡ ਵਲੋਂ ਤੈਅ ਮਹੀਨਾ ਕਿਰਾਇਆ ਨਾ ਦੇਣ ਵਾਲੇ ਬਕਾਏਦਾਰਾਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਅਜਿਹੇ ਡਿਫਾਲਟਰਾਂ ਦੇ ਫਲੈਟ ਦੀ ਅਲਾਟਮੈਂਟ ਰੱਦ ਕਰਨ ਦੇ ਨਾਲ-ਨਾਲ ਫਲੈਟ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪਿਛਲੇ ਮਾਰਚ ਮਹੀਨੇ ਦੌਰਾਨ ਕਿਰਾਇਆ ਨਾ ਉਤਾਰਨ ਵਾਲੇ 11,641 ਅਲਾਟੀਆਂ ਨੂੰ ਫਲੈਟ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਇਸ ਚਿਤਾਵਨੀ ਤੋਂ ਬਾਅਦ ਮਾਰਚ ਮਹੀਨੇ ਦੌਰਾਨ ਡਿਫਾਲਟਰ ਅਲਾਟੀਆਂ ਵਲੋਂ ਲਗਪਗ 8 ਕਰੋੜ ਰੁਪਏ ਬੋਰਡ ਕੋਲ ਜਮ੍ਹਾ ਕਰਵਾਏ ਜਾ ਚੁੱਕੇ ਹਨ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਅਲਾਟੀਆਂ ਨੇ ਆਪਣਾ ਬਕਾਇਆ ਕਿਰਾਇਆ ਬੋਰਡ ਕੋਲ ਜਮਾਂ ਨਹੀਂ ਕਰਵਾਇਆ। ਬੋਰਡ ਵਲੋਂ ਲੰਘੇ ਦਿਨ ਇਥੋਂ ਦੇ ਸੈਕਟਰ 56 ਵਿੱਚ ਛੋਟੇ ਫਲੈਟਾਂ ਵਿੱਚ ਅਜਿਹੇ ਡਿਫਾਲਟਰ ਬਕਾਏਦਾਰਾਂ ਦੇ ਫਲੈਟ ਰੱਦ ਕਰਨ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਥੋਂ ਦੇ ਪੰਜ ਫਲੈਟਾਂ ਨੂੰ ਸੀਲ ਕਰਨ ਲਈ ਬੋਰਡ ਦੀ ਟੀਮ ਪੁੱਜੀ। ਇਸ ਮੌਕੇ ਫਲੈਟਾਂ ਦੇ ਅਲਾਟੀਆਂ ਨੇ ਬੋਰਡ ਟੀਮ ਨੂੰ ਲਿਖਤ ਵਿੱਚ ਬਕਾਇਆ ਜਮਾਂ ਕਰਵਾਉਣ ਲਈ ਤਿੰਨ-ਚਾਰ ਦਿਨਾਂ ਦਾ ਸਮਾਂ ਮੰਗਿਆ।