ਹਰਜੀਤ ਸਿੰਘ
ਡੇਰਾਬੱਸੀ, 10 ਨਵੰਬਰ
ਖੇਤਰ ’ਚ ਗੁੰਡਾ ਟੈਕਸ ਮਾਫ਼ੀਆ ਮੁੜ ਤੋਂ ਸਰਗਰਮ ਹੋਣ ਲੱਗ ਗਿਆ ਹੈ। ਇਨ੍ਹਾਂ ਵੱਲੋਂ ਸਥਾਨਕ ਮੁਬਾਰਕਪੁਰ ਕਰੱਸ਼ਰ ਯੂਨੀਅਨ ’ਤੇ ਗੁੰਡਾ ਟੈਕਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਕੱਤਰ ਜਾਣਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਦਾ ਗੜ੍ਹ ਮੰਨੇ ਜਾਂਦੇ ਇਸ ਖੇਤਰ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਹੀ ਮਾਈਨਿੰਗ ਮਾਫ਼ੀਆ ਅਤੇ ਗੁੰਡਾ ਟੈਕਸ ਸਮੇਤ ਵੱਖ ਵੱਖ ਮਾਫੀਆ ਸਰਗਰਮ ਹੋ ਗਏ ਸਨ।
ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ, ਮੀਤ ਪ੍ਰਧਾਨ ਰਣਜੀਤ ਸਿੰਘ ਤੇਜ਼ਾ, ਮੀਤ ਪ੍ਰਧਾਨ ਮੋਹਨ ਅੱਗਰਵਾਲ, ਮੈਂਬਰ ਪਵਨ ਸੈਣੀ, ਬੀਡੀ ਗੁਪਤਾ ਸਣੇ ਹੋਰਾਂ ਨੇ ਦੱਸਿਆ ਕਿ ਮਾਫ਼ੀਆ ਵੱਲੋਂ ਹੁਣ ਮੁੜ ਤੋਂ ਗੁੰਡਾ ਟੈਕਸ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਮੂਹ ਮੈਂਬਰਾਂ ਨੇ ਫ਼ੈਸਲਾ ਕੀਤਾ ਗਿਆ ਹੈ ਕਿ ਗੁੰਡਾ ਟੈਕਸ ਅੱਗੇ ਚੁੱਕਣ ਦੀ ਥਾਂ ਇਨ੍ਹਾਂ ਖ਼ਿਲਾਫ਼ ਸੰਘਰਸ਼ ਵਿੱਢਦੇ ਹੋਏ ਕਿਸੇ ਵੀ ਤਰ੍ਹਾਂ ਦਾ ਟੈਕਸ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਗੱਲ ਕਰਨ ’ਤੇ ਡੀਐੱਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਹਾਲੇ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰ ਕੇ ਗੁੰਡਾ ਟੈਕਸ ਮੰਗਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ।