ਮੁਕੇਸ਼ ਕੁਮਾਰ
ਚੰਡੀਗੜ੍ਹ, 28 ਫਰਵਰੀ
ਇੱਥੇ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਜਾਰੀ ਤਿੰਨ ਰੋਜ਼ਾ ਸਾਲਾਨਾ 49ਵਾਂ ‘ਗੁਲਾਬ ਮੇਲਾ’ ਅੱਜ ਸਮਾਪਤ ਹੋ ਗਿਆ। ਇਸ ਸਾਲ ਕੋਵਿਡ-19 ਕਾਰਨ ਗੁਲਾਬ ਮੇਲਾ ਕੇਵਲ ਪ੍ਰਤੀਕ ਦੇ ਤੌਰ ’ਤੇ ਹੀ ਲਗਾਇਆ ਗਿਆ। ਮੇਲੇ ਦੌਰਾਨ ਕੋਈ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾਏ ਗਏ। ਹਰ ਸਾਲ ਇਸ ਮੇਲੇ ਦੀ ਇੰਤਜ਼ਾਰ ਵਿੱਚ ਰਹਿਣ ਵਾਲੇ ਦਰਸ਼ਕਾਂ ਨੇ ਇਥੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਘਾਟ ਮਹਿਸੂਸ ਕੀਤੀ। ਦੂਜੇ ਪਾਸੇ ਰੋਜ਼ ਗਾਰਡਨ ਵਿੱਚ ਵੰਨ ਸੁਵੰਨੇ ਫੁੱਲਾਂ ਨਾਲ ਬਣਾਏ ਗਏ ਪੁਤਲੇ ਖਾਸ ਖਿੱਚ ਦਾ ਕੇਂਦਰ ਰਹੇ।
ਮੇਲੇ ਦੀ ਸਮਾਪਤੀ ਮੌਕੇ ਕੀਤੇ ਗਏ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਨੇ ਕਰੋਨਾ ਕਾਲ ਦੌਰਾਨ ਸ਼ਹਿਰ ਵਾਸੀਆਂ ਲਈ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੀਆਂ ਸ਼ਹਿਰ ਦੀਆਂ ਵੱਖ ਵੱਖ 82 ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਸ਼ਹਿਰ ਦੀਆਂ ਵੱਖ ਵੱਖ 36 ਗੈਰ ਸਰਕਾਰੀ ਸੰਗਠਨਾਂ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ, ਸ਼ਹਿਰ ਦੇ 37 ਸਮਾਜ ਸੇਵੀਆਂ ਸਮੇਤ ਨਗਰ ਨਿਗਮ ਦੇ ਵੱਖ ਵੱਖ ਵਿੰਗਾਂ ਵਿੱਚ ਕੰਮ ਕਰਨ ਵਾਲੇ 230 ਕਰਮਚਾਰੀਆਂ ਨੂੰ ਸਬੰਧਤ ਵਿਭਾਗਾਂ ਦੇ ਮੁਖੀ ਰਾਹੀਂ ਸਨਮਾਨਿਤ ਕੀਤਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਸੀਨੀਅਰ ਡਿਪਟੀ ਮੇਅਰ ਮਹੇਸ਼ ਇੰਦਰ ਸਿੰਘ ਸਿੱਧੂ, ਡਿਪਟੀ ਮੇਅਰ ਫਰਮਿਲਾ, ਕੌਂਸਲਰ ਹੀਰਾ ਨੇਗੀ, ਸ਼ਕਤੀ ਪ੍ਰਸਾਦ ਦੇਵਸ਼ਾਲੀ, ਚਿਰੰਜੀਵ ਸਿੰਘ, ਚੰਦਰਵਤੀ ਸ਼ੁਕਲਾ ਸਮੇਤ ਹੋਰ ਕੌਂਸਲਰ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।