ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਸਿਟੀ ਬਿਊਟੀਫੁੱਲ ਦੀ ਸੁਖਨਾ ਝੀਲ ’ਤੇ ਤਿੰਨ ਦਿਨ ਪਹਿਲਾਂ ਡੁੱਬ ਰਹੇ ਨੌਜਵਾਨ ਨੂੰ ਬਚਾਉਣ ਵਾਲੇ ਦੋ ਵਿਅਕਤੀਆਂ ਮੇਜਰ ਜਿਤੇਸ਼ ਚੱਢਾ ਅਤੇ ਸਾਫਟਵੇਅਰ ਇੰਜਨੀਅਰ ਮਯੰਕ ਸ਼ਰਮਾ ਦਾ ਸਨਮਾਨ ਕੀਤਾ। ਐੱਸਐੱਸਪੀ ਨੇ ਦੋਵਾਂ ਵਿਅਕਤੀਆਂ ਦੇ ਨੌਜਵਾਨ ਨੂੰ ਬਚਾਉਣ ਲਈ ਦਿਖਾਏ ਹੌਂਸਲੇ ਦੀ ਸ਼ਲਾਘਾ ਕੀਤੀ। ਜਾਣਕਾਰੀ ਅਨੁਸਾਰ 30 ਅਕਤੂਬਰ ਨੂੰ ਨੌਜਵਾਨ ਨੇ ਸੁਖਨਾ ਝੀਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨੌਜਵਾਨ ਮੁਤਾਬਕ ਉਹ ਪੈਰ ਤਿਲਕਣ ਕਰਕੇ ਉਹ ਝੀਲ ’ਚ ਡਿੱਗ ਗਿਆ ਸੀ।