ਸਰਬਜੀਤ ਸਿੰਘ ਭੱਟੀ
ਲਾਲੜੂ, 14 ਫਰਵਰੀ
ਸੀਨੀਅਰ ਅਕਾਲੀ ਆਗੂ ਬੀਬੀ ਸੀਲਮ ਸੋਹੀ ਨੇ ਹਲਕਾ ਡੇਰਾਬਸੀ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ.ਸ਼ਰਮਾ ਦੇ ਹੱਕ ਵਿੱਚ ਹੰਡੇਸਰਾ ਸਰਕਲ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਬੀਬੀ ਸੋਹੀ ਨੇ ਕਿਹਾ ਕਿ ਪੂਰੇ ਹਲਕੇ ਵਿੱਚ ਐਨ.ਕੇ.ਸ਼ਰਮਾ ਦੀ ਚੋਣ ਮੁਹਿੰਮ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ’ਤੇ ਤੰਜ ਕਸਦਿਆਂ ਕਿਹਾ ਕਿ ਸ੍ਰੀ ਸ਼ਰਮਾ ਦੇ ਮੁਕਾਬਲੇ ਢਿੱਲੋਂ ਸਿਰਫ ਗੱਲਾਂ ਕਰਨ ਜੋਗੇ ਹੀ ਹਨ ਕਾਰਗੁਜਾਰੀ ਪੱਖੋਂ ਉਹ ਜ਼ੀਰੋ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਨੇੜੇ ਹੋਣ ਦੇ ਬਾਵਜੂਦ ਉਹ ਡੇਰਾਬਸੀ ਹਲਕੇ ਵਿੱਚ ਕੋਈ ਪ੍ਰਾਜੈਕਟ ਨਹੀਂ ਲਿਆ ਸਕੇ। ਜਿਹੜੇ ਆਪਣੇ ਕਾਂਗਰਸੀ ਪਰਿਵਾਰ ਨੂੰ ਹੀ ਇਕੱਠਾ ਨਹੀਂ ਰੱਖ ਸਕੇ, ਉਹ ਇਸ ਹਲਕੇ ਦਾ ਕੀ ਸੰਵਾਰ ਦੇਣਗੇ। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਉਹ ਝੂਠ ਦਾ ਪੁਲੰਦਾ ਹੈ, ਜਿਸ ਵਿੱਚ ਧਨਾਢ ਉਮੀਦਵਾਰ ਸਿਰਫ਼ ਪੈਸੇ ਲਈ ਹੀ ਰਾਜਨੀਤੀ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਦਾ 50 ਸਾਲਾ ਅਤੇ ਦਿੱਲੀ ਵਿੱਚ ਕੇਜਰੀਵਾਲ ਦਾ ਸ਼ਾਸਨ ਕਰਨ ਦਾ ਤਰੀਕਾ ਵੇਖ ਲਿਆ ਹੈ।
ਇਸ ਲਈ ਲੋਕ ਅਕਾਲੀ-ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਮੌਕੇ ਬਹਾਦਰ ਸਿੰਘ ਝਰਮੜੀ, ਜਗਦੀਪ ਰਾਣਾ ਨਗਲਾ, ਬੀਬੀ ਬਲਵਿੰਦਰ ਕੌਰ ਈਸਾਪੁਰ, ਸੀਮਾ ਹਾਜ਼ਰ ਸਨ।