ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਨਵੰਬਰ
ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ-46 ਵਿਚ ਪੰਜਾਬ ਯੂਨੀਵਰਸਿਟੀ ਜ਼ੋਨਲ ‘ਏ’ ਦਾ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਉਤਸ਼ਾਹ ਨਾਲ ਸਮਾਪਤ ਹੋਇਆ। ਇਸ ਮੌਕੇ ਭੰਗੜਾ ਤੇ ਗਿੱਧਾ ਖਿੱਚ ਦਾ ਕੇਂਦਰ ਰਹੇ। ਭੰਗੜੇ ਦੀ ਟਰਾਫੀ ਖਾਲਸਾ ਕਾਲਜ ਸੈਕਟਰ-26 ਤੇ ਗਿੱਧੇ ਦੀ ਟਰਾਫੀ ਵੀ ਖਾਲਸਾ ਕਾਲਜ ਨੇ ਜਿੱਤੀ। ਭੰਗੜੇ ਵਿਚ ਇਮਾਨਜੋਤ ਬੈਸਟ ਡਾਂਸਰ ਤੇ ਗਿੱਧੇ ਵਿਚ ਸਰਪਾਲ ਕੌਰ ਸਰਬੋਤਮ ਡਾਂਸਰ ਨਾਲ ਸਨਮਾਨੇ ਗਏ। ਭੰਗੜੇ ਵਿਚ ਐਸਡੀ ਕਾਲਜ ਦੂਜੇ ਤੇ ਡੀਏਵੀ ਕਾਲਜ ਤੀਜੇ ਸਥਾਨ ’ਤੇ ਰਿਹਾ। ਗਿੱਧੇ ਵਿਚ ਦੂਜਾ ਸਥਾਨ ਡੀਏਵੀ ਕਾਲਜ ਤੇ ਤੀਜਾ ਸਥਾਨ ਸਰਕਾਰੀ ਕਾਲਜ ਸੈਕਟਰ-11 ਨੇ ਹਾਸਲ ਕੀਤਾ। ਦੁਪਹਿਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਹਾਜ਼ਰੀ ਭਰੀ ਜਦਕਿ ਡਾਇਰੈਕਟਰ ਉਚੇਰੀ ਸਿੱਖਿਆ ਜਗਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਕਾਲਜ ਪ੍ਰਿੰਸੀਪਲ ਡਾ.ਆਭਾ ਸੁਦਰਸ਼ਨ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ।
ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਜੀਜੀਡੀਐਸਡੀ ਕਾਲਜ, ਸੈਕਟਰ-32, ਚੰਡੀਗੜ੍ਹ ਨੇ ਓਵਰਆਲ ਟਰਾਫੀ ਜਿੱਤੀ, ਜਦਕਿ ਡੀਏਵੀ ਕਾਲਜ ਸੈਕਟਰ-10 ਅਤੇ ਪੀਜੀਜੀਸੀ-11 ਨੇ ਕ੍ਰਮਵਾਰ ਫਸਟ ਰਨਰਅੱਪ ਅਤੇ ਸੈਕਿੰਡ ਰਨਰਅੱਪ ਰਹੇ। ਇਸ ਤੋਂ ਪਹਿਲਾਂ ਦਿਨ ਵੇਲੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦਿਲੀਪ ਕੁਮਾਰ ਗੈਸਟ ਆਫ ਆਨਰ ਸਨ।