ਆਤਿਸ਼ ਗੁਪਤਾ
ਚੰਡੀਗੜ੍ਹ, 6 ਜੂਨ
ਚੰਡੀਗੜ੍ਹ ਦੇ ਲੋਕਾਂ ਨੂੰ ਸਿਹਤ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਵੱਲੋਂ ਅੱਜ ਹੱਲੋਮਾਜਰਾ, ਦੜੀਆ, ਮੌਲੀ ਜੱਗਰਾਂ, ਧਨਾਸ ਅਤੇ ਮਲੋਆ ਵਿੱਚ ਡਿਸਪੈਂਸਰੀ ਤੇ ਸਿਹਤ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਕ ਦੇ ਸਲਾਹਕਾਰ ਨੇ ਧਨਾਸ ਅਤੇ ਮਲੋਆ ਵਿੱਚ ਬਣਨ ਵਾਲੇ 50-50 ਬਿਸਤਰਿਆਂ ਦੇ ਹਸਪਤਾਲ ਦੇ ਕੰਮ ਨੂੰ ਜਲਦੀ ਸ਼ੁਰੂ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦਾ ਨਕਸ਼ਾ ਤਿਆਰ ਕਰਕੇ ਸਬੰਧਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ। ਸਲਾਹਕਾਰ ਨੇ ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਤੁਰੰਤ ਪੁਰਾ ਕਰਨ ਦੇ ਆਦੇਸ਼ ਦਿੱਤੇ।
ਪਿੰਡ ਦੜੀਆ ਵਿੱਚ ਕੌਂਸਲਰ ਬਿਮਲਾ ਦੂਬੇ ਨੇ ਕਿਹਾ ਕਿ ਮੌਜੂਦਾ ਡਿਸਪੈਂਸਰੀ ਤੇ ਸਿਹਤ ਕੇਂਦਰ ਸਿਰਫ਼ ਦੋ-ਤਿੰਨ ਕਮਰਿਆਂ ਵਿੱਚ ਚੱਲ ਜਾ ਰਿਹਾ ਹੈ। ਇਸ ਜ਼ਮੀਨ ’ਤੇ ਪਸ਼ੂ ਪਾਲਣ ਹਸਪਤਾਲ ਦੀ ਸ਼ੁਰੂਆਤ ਕਰ ਕੇ ਨਾਲ ਲੱਗਦੀ ਜ਼ਮੀਨ ਦੀ ਵਰਤੋਂ ਨਵੀਂ ਡਿਸਪੈਂਸਰੀ ਅਤੇ ਸਿਹਤ ਕੇਂਦਰ ਲਈ ਕੀਤੀ ਜਾ ਸਕਦੀ ਹੈ। ਸਲਾਹਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਿਸਪੈਂਸਰੀ ਦੇ ਨਾਲ ਲੱਗਦੀ ਜ਼ਮੀਨ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਛੇ ਮਹੀਨਿਆਂ ਵਿੱਚ ਕੰਮ ਸ਼ੁਰੂ ਕਰਨ ਦੀ ਹਦਾਇਤ ਵੀ ਕੀਤੀ। ਮੌਲੀ ਜੱਗਰਾਂ ਵਿੱਚ ਡਿਸਪੈਂਸਰੀ ਅਤੇ ਸਿਹਤ ਕੇਂਦਰ ਕੋਲੋਂ ਬਿਜਲੀ ਦੀਆਂ ਹਾਈ ਟੈਨਸ਼ਨ ਲਾਈਨਾਂ ਨਿਕਲਣ ਕਰ ਕੇ ਉਨ੍ਹਾਂ ਬਦਲਵੀਂ ਥਾਂ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਹੱਲੋ ਮਾਜਰਾ ਵਿੱਚ ਜਾਂਚ ਲਈ ਆਉਣ ਵਾਲੇ ਮਰੀਜ਼ਾਂ ਦੇ ਬੈਠਣ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਕਮਰਾ ਬਣਾਣ ਲਈ ਕਿਹਾ। ਪ੍ਰਸ਼ਾਸਕ ਦੇ ਸਲਾਹਕਾਰ ਨੇ ਯੂਟੀ ਦੇ ਇੰਜਨੀਅਰਿੰਗ ਵਿਭਾਗ ਨੂੰ ਦਸਤਾਵੇਜ਼ੀ ਕਾਰਵਾਈ ਪੁਰੀ ਕਰਨ ਲਈ ਕਿਹਾ ਹੈ।
ਸ੍ਰੀ ਧਰਮਪਾਲ ਨੇ ਸ਼ਹਿਰ ਵਿਚਲੀਆਂ ਡਿਸਪੈਂਸਰੀ ਅਤੇ ਸਿਹਤ ਕੇਂਦਰਾਂ ਵਿੱਚ ਟੈਲੀਮੈਡੀਸਨ ਸੇਵਾਵਾਂ ਸ਼ੁਰੂ ਕਰਨ ਲਈ ਇੰਟਰਨੈੱਟ ਸੇਵਾਵਾਂ ਚਾਲੂ ਕਰਨ ਦੇ ਹੁਕਮ ਦਿੱਤੇ ਹਨ ਤਾਂ ਡਿਸਪੈਂਸਰੀਆਂ ਤੇ ਸਿਹਤ ਕੇਂਦਰਾਂ ਨੂੰ ਵੀ ਈ-ਸੰਜੀਵਨੀ ਪਲੈਟਫਾਰਮ ਰਾਹੀਂ ਨਿਰਵਿਘਨ ਟੈਲੀਮੈਡੀਸਨ ਸੇਵਾਵਾਂ ਦਿੱਤੀਆਂ ਜਾ ਸਕਣ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਲੋਆ ਅਤੇ ਧਨਾਸ ਵਿੱਚ ਮੁੜਵਸੇਬਾ ਕਲੋਨੀਆਂ ਵਿੱਚ ਬੈਠਣ ਲਈ ਪਾਰਕਾਂ ਅਤੇ ਬਲਾਕਾਂ ਵਿਚਾਲੇ ਛੋਟੇ ਬੈਂਚ ਲਗਾਉਣ ਅਤੇ ਬੂਟੇ ਲਗਾਉਣ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਸਿਹਤ ਸਕੱਤਰ ਯਸ਼ਪਾਲ ਗਰਗ, ਸੀ਼.ਬੀ. ਓਝਾ, ਕਪਿਲ ਸੇਤੀਆ, ਪਾਲਿਕਾ ਅਰੋੜਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਰਹੇ।