ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਇੱਥੇ ਸੈਕਟਰ-16 ਸਥਿਤ ਪੰਜਾਬ ਕਲਾ ਪਰਿਸ਼ਦ ਦੇ ਆਡੀਟੋਰੀਅਮ ਵਿੱਚ ਲੇਖਕ ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ-ਪੁਸਤਕ ‘ਚਾਨਣ’ ਲੋਕ ਅਰਪਣ ਕੀਤੀ। ਇਸ ਮੌਕੇ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਸਾਹਿਤਕ ਰਚਨਾ ਆਮ ਲੋਕਾਂ ਦੀ ਸਾਧਾਰਨ ਭਾਸ਼ਾ ਵਿਚ ਪਰੋਈ ਹੋਣੀ ਚਾਹੀਦੀ ਹੈ ਤਾਂ ਕਿ ਸਾਹਿਤਕਾਰ ਦੇ ਮਨ ਦੇ ਵਲਵਲੇ ਪਾਠਕ ਦੇ ਧੁਰ ਅੰਦਰ ਤੱਕ ਵਸ ਜਾਣ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਆਈਏਐੱਸ ਅਧਿਕਾਰੀ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਨੇ ਇਸ ਕਿਤਾਬ ਦੀ ਰਚਨਾ ਕਰਕੇ ਸਾਹਿਤ ਦੀ ਸੇਵਾ ਕਰਨ ਪ੍ਰਤੀ ਆਪਣੀ ਲਗਨ ਅਤੇ ਸ਼ਿੱਦਤ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਪੰਜਾਬ ਯੂਨੀਵਰਸਿਟੀ ਦੇ ਪੰਜਾਬ ਵਿਭਾਗ ਦੇ ਚੇਅਰਮੈਨ ਡਾ. ਯੋਗਰਾਜ, ਸਾਹਿਤਕ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਲਖਵਿੰਦਰ ਜੌਹਲ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਵੈਦ, ਗਾਇਕ ਸੁਰਿੰਦਰ ਸ਼ਿੰਦਾ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।