ਪੱਤਰ ਪ੍ਰੇਰਕ
ਬਨੂੜ, 8 ਅਗਸਤ
ਐਡਵਾਮਿਡ ਹਸਪਤਾਲ ਜ਼ੀਰਕਪੁਰ ਵੱਲੋਂ ਇੱਥੋਂ ਦੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਵਿਖੇ ਉੱਡਣਾ ਸਿੱਖ ਮਿਲਖ਼ਾ ਸਿੰਘ ਦੀ ਯਾਦ ਵਿੱਚ ਨੌਜਵਾਨ ਲਲਕਾਰ ਦੇ ਬੈਂਰ ਹੇਠ ਭਾਗ ਮਿਲਖ਼ਾ ਭਾਗ ਹਾਫ਼ ਮੈਰਾਥਨ ਦੌੜ ਆਯੋਜਿਤ ਕੀਤੀ ਗਈ। ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ 600 ਤੋਂ ਵੱਧ ਦੌੜਾਕਾਂ ਨੇ ਸ਼ਮੂਲੀਅਤ ਕੀਤੀ। ਦੌੜ ਨੂੰ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਦਿਲਬਾਗ ਸਿੰਘ, ਕੋਚ ਸਵਰਨ ਸਿੰਘ ਬਾਜਵਾ, ਪ੍ਰਬੰਧਕ ਡਾ. ਜਤਿੰਦਰ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਜੇਤੂ ਖਿਡਾਰੀਆਂ ਨੂੰ ਨਕਦ ਇਨਾਮ, ਤਗ਼ਮੇ ਤੇ ਸਰਟੀਫ਼ਿਕੇਟ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੰਡੇ। ਇਸ ਮੌਕੇ ‘ਆਪ’ ਦੀ ਹਲਕਾ ਇੰਚਾਰਜ ਨੀਨਾ ਮਿੱਤਲ, ਬਸਪਾ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ੍ਹ, ਕਾਂਗਰਸ ਦੇ ਦਿਹਾਤੀ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ ਨੇ ਵੀ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਪੰਜ ਅਤੇ ਤਿੰਨ ਕਿਲੋਮੀਟਰ ਤੋਂ ਇਲਾਵਾ ਛੋਟੀ ਉਮਰ ਲਈ ਅੱਠ ਸੌ ਮੀਟਰ ਦੌੜ ਵੀ ਕਰਵਾਈ ਗਈ।ਅੰਡਰ-14 ਲੜਕੀਆਂ ਵਿੱਚ ਅੰਸ਼ਿਕਾ ਨੇ ਪਹਿਲਾ, ਸੁਭਰੀਤ ਨੇ ਦੂਜਾ ਤੇ ਸਨੇਹਾ ਨੇ ਤੀਜਾ ਸਥਾਨ, ਅੰਡਰ-14 ਲੜਕਿਆਂ ਵਿੱਚ ਅਕਾਸ਼ ਨੇ ਪਹਿਲਾ, ਅਨੀਸ਼ ਨੇ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ, ਅੰਡਰ-19 ਲੜਕੀਆਂ ਵਿੱਚ ਵੰਦਨਾ ਨੇ ਪਹਿਲਾ, ਕੋਮਲ ਨੇ ਦੂਜਾ ਤੇ ਗੁਰਵਿੰਦਰ ਕੌਰ ਨੇ ਤੀਜਾ ਸਥਾਨ, ਅੰਡਰ-19 ਲੜਕਿਆਂ ਵਿੱਚ ਰਵੀ ਨੇ ਪਹਿਲਾ, ਰੋਹਿਤ ਨੇ ਦੂਜਾ ਤੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 19 ਸਾਲ ਤੋਂ ਉੱਪਰ ਲੜਕੀਆਂ ਵਿੱਚ ਮਹਿਕ ਨੇ ਪਹਿਲਾ, ਮੰਜੂ ਨੇ ਦੂਜਾ ਤੇ ਮਨਦੀਪ ਕੌਰ ਨੇ ਤੀਜਾ ਸਥਾਨ ਅਤੇ ਲੜਕਿਆਂ ਵਿੱਚ ਸੁਨੀਲ ਨੇ ਪਹਿਲਾ, ਅਜੇ ਨੇ ਦੂਜਾ ਤੇ ਰਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ।