ਸੰਜੀਵ ਤੇਜਪਾਲ
ਮੋਰਿੰਡਾ, 20 ਅਪਰੈਲ
ਸਥਾਨਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਕਾਰਜਾਂ ਵਿੱਚ ਹੋਈਆ ਬੇਨਿਯਮੀਆਂ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੇ ਮੈਨੇਜਰ ਅਤੇ ਹੈੱਡ ਗ੍ਰੰਥੀ ਨੂੰ ਤੁਰੰਤ ਪ੍ਰਭਾਵ ਤੋੋ ਮੁਅੱਤਲ ਕਰ ਦਿੱਤਾ ਹੈ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਸਵਰਨ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਫੈਸਲਾ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਸੰਗਤ ਦੀ ਇੱਕ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਮੈਨੇਜਰ ਅਤੇ ਹੈੱਡ ਗ੍ਰੰਥੀ ਨੇ ਉਨ੍ਹਾਂ ਨੂੰ ਜਾਰੀ ਨੋਟਿਸ ਦਾ ਜਵਾਬ ਦਿੱਤਾ ਜੋ ਕਿ ਤਸੱਲੀਬਖ਼ਸ਼ ਨਹੀਂ ਪਾਇਆ ਗਿਆ ਅਤੇ ਇਨ੍ਹਾਂ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਗੁਰਦੁਆਰੇ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਕਿਹਾ ਗਿਆ ਸੀ, ਪ੍ਰੰਤੂ ਗੁਰੂ ਘਰ ਦੇ ਵਿੱਤੀ ਅਤੇ ਪ੍ਰਬੰਧਕੀ ਕਾਰਜਾਂ ਵਿੱਚ ਸੁਧਾਰ ਲਿਆਉਣ ਵਿੱਚ ਦੋਵੇਂ ਜਣੇ ਅਸਫਲ ਰਹੇ ਜਿਸ ਕਾਰਨ ਵੱਡੀ ਗਿਣਤੀ ਸਿੱਖ ਨੌਜਵਾਨਾਂ ਅਤੇ ਸਿੱਖ ਸੰਗਤ ਨੇ ਗੁਰੂ ਘਰ ਆ ਕੇ ਮੈਨੇਜਰ ਦੇ ਪਤਿਤ ਹੋਣ, ਸੰਗਤ ਵੱਲੋਂ ਕਰਵਾਏ ਜਾਂਦੇ ਪਾਠਾਂ ਤੇ ਆਨੰਦ ਕਾਰਜਾਂ ਦੀ ਭੇਟਾ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਲਗਾਏ ਸਨ। ਇਸ ’ਤੇ ਕਮੇਟੀ ਨੇ ਦੋਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਬਿਕਰਮਜੀਤ ਸਿੰਘ ਜੁਗਨੂੰ ਨੇ ਕਿਹਾ ਕਮੇਟੀ ਨੇ ਮੈਨੇਜਰ ਤੇ ਹੈੱਡ ਗ੍ਰੰਥੀ ਨੂੰ ਮੁਅੱਤਲ ਕਰ ਕੇ ਸੁਧਾਰ ਕਰਨ ਵੱਲ ਪਹਿਲਾ ਕਦਮ ਉਠਾਇਆ ਹੈ।