ਜਗਮੋਹਨ ਸਿੰਘ
ਘਨੌਲੀ, 13 ਦਸੰਬਰ
ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੜਨ ਦੀ ਯਾਦ ਵਿੱਚ ਉਸਾਰੇ ਗਏ ਇਤਿਹਾਸਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਜੋੜ ਮੇਲ ਅੱਜ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਜੋੜ ਮੇਲ ਦੀ ਸ਼ੁਰੂਆਤ ਪੰਜ ਅਖੰਡ ਪਾਠ ਸਾਹਿਬ ਰਖਵਾ ਕੇ ਕੀਤੀ ਗਈ। ਇਨ੍ਹਾਂ ਵਿੱਚੋਂ ਚਾਰ ਅਖੰਡ ਪਾਠ ਇਲਾਕੇ ਦੀ ਸੰਗਤ ਵੱਲੋਂ ਰਖਵਾਏ ਗਏ ਹਨ ਅਤੇ ਇਕ ਅਖੰਡ ਪਾਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਖਵਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਰਖਵਾਏ ਅਖੰਡ ਪਾਠ ਦੀ ਆਰੰਭਤਾ ਮੌਕੇ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕੀਤੀ। ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਕਰਵਾਉਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਉਹ ਆਪਣੇ ਘਰਾਂ ਵਿੱਚ ਕੋਈ ਵੀ ਖ਼ੁਸ਼ੀ ਦੇ ਸਮਾਗਮ ਨਾ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦੀ ਜੋੜ ਮੇਲ ਦੌਰਾਨ ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਣ ਦੀ ਥਾਂ ਸਿਰਫ਼ ਸਾਦੀ ਦਾਲ ਰੋਟੀ ਦੇ ਲੰਗਰ ਹੀ ਲਗਾਉਣ। ਇਸ ਮੌਕੇ ਗੁਰਦੀਪ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਤੇਜਾ ਸਿੰਘ ਸਰਪੰਚ ਸਰਸਾ ਨੰਗਲ, ਪ੍ਰੇਮ ਸਿੰਘ, ਰਤਨ ਸਿੰਘ ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।