ਪੀ.ਪੀ. ਵਰਮਾ
ਪੰਚਕੂਲਾ, 11 ਸਤੰਬਰ
ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਗੈਸਟ ਅਧਿਆਪਕਾਂ ਨੇ ਅੱਜ ਸੈਕਟਰ-5 ਸਥਿਤ ਸਿੱਖਿਆ ਸਦਨ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਮੰਗ ਕੀਤੀ ਕਿ ਤਬਾਦਲਾ ਨੀਤੀ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਖਾਲੀ ਪਈਆਂ ਆਸਾਮੀਆਂ ਦੀ ਸੂਚੀ ਜਾਰੀ ਕਰੇ। ਇਸ ਤੋਂ ਬਾਅਦ ਤਬਾਦਲੇ ਕੀਤੇ ਜਾਣ। ਬਦਲੀਆਂ ਦੇ ਮਾਮਲੇ ਸਬੰਧੀ ਹਰਿਆਣਾ ਗੈਸਟ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਝਰੋਲੀ ਨੇ ਦੱਸਿਆ ਕਿ ਪੂਰੇ ਹਰਿਆਣਾ ਵਿੱਚ 14,000 ਗੈਸਟ ਟੀਚਰ ਤਬਾਦਲਾ ਨੀਤੀ ਨੂੰ ਲੈ ਕੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਤਬਾਦਲੇ ਦਾ 200 ਕਿਲੋਮੀਟਰ ਤੱਕ ਦਾ ਸਟੇਸ਼ਨ ਦਿਖਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮਹਿਲਾ ਗੈਸਟ ਟੀਚਰਾਂ ਨੂੰ ਵੀ 250 ਕਿਲੋਮੀਟਰ ਦੂਰ ਮੈਵਾਤ ਜ਼ਿਲ੍ਹੇ ਵਿੱਚ ਭੇਜਣ ਲਈ ਸਿੱਖਿਆ ਵਿਭਾਗ ਤਿਆਰੀ ਕਰ ਰਿਹਾ ਹੈ। ਇਸ ਤਬਾਦਲਾ ਨੀਤੀ ਨੂੂੰ ਲੈ ਕੇ ਸੂਬੇ ਦੇ ਗੈਸਟ ਅਧਿਆਪਕਾਂ ਵਿੱਚ ਭਾਰੀ ਰੋਸ ਹੈ, ਜਿਸ ਕਰ ਕੇ ਅੱਜ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਉੱਧਰ, ਪੰਚਕੂਲਾ ਪੁਲੀਸ ਨੇ ਸਖ਼ਤ ਪ੍ਰਬੰਧ ਕਰਦਿਆਂ ਜਲ ਤੋਪਾਂ ਗੈਸਟ ਅਧਿਆਪਕਾਂ ਨੂੰ ਖਦੇੜਨ ਲਈ ਖੜ੍ਹੀਆਂ ਕੀਤੀਆਂ ਹੋਈਆਂ ਸਨ। ਇਸ ਮੌਕੇ ਮਹਿਲਾ ਪੁਲੀਸ ਬਲ ਵੀ ਤਾਇਨਾਤ ਸੀ।