ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 27 ਮਈ
ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਰੈਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮਤੇ ਪਾਸ ਕੀਤੇ ਗਏ। ਪ੍ਰਧਾਨ ਸ੍ਰੀ ਰੈਡੀ ਨੇ ਦੱਸਿਆ ਕਿ ਕੌਂਸਲ ਦੇ ਪਿੰਡ ਸੈਦਪੁਰਾ ਵਿਖੇ 49 ਲੱਖ ਰੁਪਏ ਦੀ ਲਾਗਤ ਨਾਲ ਟੋਭੇ ਦੇ ਸੁੰਦਰੀਕਰਨ ਕੀਤਾ ਜਾਏਗਾ। ਵਾਰਡ ਨੰਬਰ 3 ਦੇ ਅਧੀਨ ਆਉਂਦੇ ਮੁਬਾਰਿਕਪੁਰ ਅਤੇ ਮੀਰਮਪੁਰ ਵਿਖੇ ਕਮਿਉੂਨਿਟੀ ਸੈਂਟਰ ਲਈ 49.65 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ ਹੈ। ਆਦਰਸ਼ ਨਗਰ ਗੁਰਦੁਆਰੇ ਦੇ ਸਾਹਮਣੇ ਪਾਰਕ ਨੂੰ ਵਿਕਸਤ ਕਰਨ ਲਈ 24.74 ਲੱਖ ਰੁਪਏ ਖਰਚ ਕਰਨ, ਵਾਰਡ ਨੰਬਰ 15 ਵਿਖੇ ਪੈਂਦੇ ਪਿੰਡ ਹਰੀਪੁਰ ਹਿੰਦੁਆ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ ਛੇ ਲੱਖ ਰੁਪਏ, ਵਾਰਡ ਨੰਬਰ ਛੇ ਅਧੀਨ ਪੈਂਦੇ ਗੁਲਮੋਹਰ ਸਿਟੀ ਵਿੱਚ ਪਲੇਅ ਗਰਾਊਂਡ ਲਈ ਦਸ ਲੱਖ ਰੁਪਏ, ਸ਼ਹਿਰ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਉਣ ਲਈ 25 ਲੱਖ ਰੁਪਏ, ਵਾਰਡ ਨੰਬਰ 13 ਦੀਆਂ ਗਲੀਆਂ ਦੀ ਰਿਪੇਅਰ ਲਈ 20 ਲੱਖ ਰੁਪਏ, ਵਾਰਡ ਨੰਬਰ 10 ਵਿੱਚ ਸੈਣੀ ਸ਼ਮਸ਼ਾਨਘਾਟ ਲਈ ਦਸ ਲੱਖ ਰੁਪਏ, ਵਾਰਡ ਨੰਬਰ 11 ਦੀ ਗਲੀਆਂ ਦੀ ਰਿਪੇਅਰ ਲਈ 15 ਲੱਖ ਰੁਪਏ, ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਰਿਫੈਲਕਟਰ ਅਤੇ ਸਪੀਡ ਬ੍ਰੇਕਰ ਲਾਉਣ ਲਈ 21 ਲੱਖ ਰੁਪਏ, ਵਾਰਡ ਨੰਬਰ 19 ਦੀ ਗਡਰੀਆ ਧਰਮਸ਼ਾਲ ਲਈ 15 ਲੱਖ ਰੁਪਏ, ਵਾਰਡ ਨੰਬਰ 8 ਵਿੱਚ ਪਾਣੀ ਦੀ ਪਾਈਪਾਂ ਲਈ 20 ਲੱਖ ਰੁਪਏ ਦੇ ਮਤੇ ਪਾਸ ਕਰਕੇ ਸਥਾਨਕ ਸਰਕਾਰਾਂ ਵਿਭਾਗ ਕੋਲ ਮਨਜ਼ੂਰੀ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸਿਵਲ ਕੋਰਟਾਂ ਦੇ ਕੇਸਾਂ ਦੀ ਪੈਰਵੀ ਲਈ ਐਡਵੋਕੇਟ ਭਾਰਤ ਭੂਸ਼ਣ ਆਹੂਜਾ ਅਤੇ ਰਾਜੇਸ਼ ਰਾਣਾ ਦੀ ਥਾਂ ’ਤੇ ਐਡਵੋਕੇਟ ਜਸਬੀਰ ਸਿੰਘ ਚੌਹਾਨ ਅਤੇ ਕਰਮਜੀਤ ਸਿੰਘ ਨਿਯੁਕਤ ਕੀਤਾ ਗਿਆ ਹੈ।